ਨਿੱਜੀ ਪੱਤਰ ਪ੍ਰੇਰਕ
ਖੰਨਾ, 5 ਸਤੰਬਰ
ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਜਾਣ ਵਾਲੀ ਸੱਚਖੰਡ ਐਕਸਪ੍ਰੈਸ 12716 ਰੇਲ ਹੁਣ ਖੰਨਾ ਰੁਕ ਕੇ ਜਾਇਆ ਕਰੇਗੀ। ਇਸ ਨਾਲ ਖੰਨਾ ਦੀ ਸੰਗਤ ਨੂੰ ਹਜ਼ੂਰ ਸਾਹਿਬ ਅਤੇ ਸ਼ਿਰੜੀ ਵਿਖੇ ਸਾਈਂ ਬਾਬਾ ਦੇ ਦਰਸ਼ਨਾਂ ਲਈ ਜਾਣਾ ਸੁਖਾਲਾ ਹੋ ਜਾਵੇਗਾ। ਅੱਜ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਅਕਾਲੀ ਦਲ ਤੇ ਭਾਜਪਾ ਆਗੂਆਂ ਰਾਜਿੰਦਰ ਸਿੰਘ, ਹਰਜੀਤ ਸਿੰਘ ਭਾਟੀਆ, ਇਕਬਾਲ ਸਿੰਘ ਚੰਨੀ, ਅਨੁਜ ਛਾਹੜੀਆ ਨੇ ਗੱਡੀ ਦਾ ਸਵਾਗਤ ਕੀਤਾ ਤੇ ਗੱਡੀ ਦੇ ਸਟਾਫ ਦਾ ਸਨਮਾਨ ਕੀਤਾ। ਇਸ ਦੌਰਾਨ ਸੰਗਤ ਨੂੰ ਫਲ ਵੰਡ ਕੇ ਗੱਡੀ ਰਵਾਨਾ ਕੀਤੀ ਗਈ। ਦੱਸਣਯੋਗ ਹੈ ਕਿ ਅੰਬਾਲਾ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਲੁਧਿਆਣਾ ਵਾਇਆ ਖੰਨਾ, ਸਰਹਿੰਦ, ਰਾਜਪੁਰਾ ਜਾਣ ਵਾਲੀ ਐਕਸਪ੍ਰੈਸ ਗੱਡੀ ਦਾ ਦੋ ਸਾਲਾਂ ਤੋਂ ਰੂਟ ਬਦਲ ਦਿੱਤਾ ਗਿਆ ਸੀ, ਜਿਸ ਕਾਰਨ ਸੰਗਤ ਵਿਚ ਰੋਸ ਪਾਇਆ ਜਾ ਰਿਹਾ ਸੀ। ਇਸ ਰੇਲ ਦੇ ਮੁੜ ਸ਼ੁਰੂ ਹੋਣ ਨਾਲ ਕਾਂਗਰਸ ਤੇ ਭਾਜਪਾ ’ਚ ਸਿਹਰਾ ਲੈਣ ਲਈ ਸ਼ਬਦੀ ਜੰਗ ਵੀ ਸ਼ੁਰੂ ਹੋ ਗਈ ਹੈ।