ਪੱਤਰ ਪ੍ਰੇਰਕ
ਜਗਰਾਉਂ, 18 ਜੁਲਾਈ
ਸਾਹਿਤ ਸਭਾ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਪ੍ਰਧਾਨ ਪ੍ਰੋ. ਕਰਮ ਸਿੰਘ ਸੰਧੂ ਦੀ ਪ੍ਰਧਾਨਗੀ ਅਤੇ ਪ੍ਰਿੰਸੀਪਲ ਦਲਜੀਤ ਕੌਰ ਹਠੂਰ ਦੇ ਸੱਦੇ ’ਤੇ ਹੋਈ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸਾਹਿਤ ਪ੍ਰੇਮੀਆਂ ਨੇ ਹਰਭਜਨ ਦੁੱਗਲ ਅਤੇ ਅਜਾਇਬ ਚਿੱਤਰਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਪ੍ਰੋ. ਸੰਧੂ ਨੇ ਮੀਟਿੰਗ ’ਚ ਸਾਹਿਤਕਾਰ ਜਗਜੀਤ ਸੰਧੂ ਦਾ ਸਵਾਗਤ ਕਰਦਿਆਂ ਆਖਿਆ ਕਿ ‘ਮਾਂ ਬੋਲੀ ਪੰਜਾਬੀ ਅਤੇ ਕੁਦਰਤ ਨਾਲ ਮੋਹ ਪਾਉਣ ਵਾਲੀਆਂ ਕਲਮਾਂ ਸਲਾਮਤ ਰਹਿਣ’ ਉਨ੍ਹਾਂ ਆਖਿਆ ਕਿ ਮਾਂ ਬੋਲੀ ਨੂੰ ਬਚਾਉਣ ਲਈ ਉਸਾਰੂ ਕਲਮਾਂ ਦੀ ਲੋੜ ਹੈ। ਉਪਰੰਤ ਸਾਰੀਆਂ ਸ਼ਖ਼ਸੀਅਤਾਂ ਨੇ ਸਾਂਝੇ ਤੌਰ ’ਤੇ ਸਰਦੂਲ ਲੱਖਾ ਦੀ ਕਿਤਾਬ ‘ਦੀਪ ਰਹੀਏ ਬਾਲਦੇ’ ਲੋਕ ਅਰਪਣ ਕੀਤੀ। ਮੀਟਿੰਗ ਵਿੱਚ ਹੋਏ ਕਵੀ ਦਰਬਾਰ ’ਚ ਰੂਮੀ ਰਾਜ, ਸਰਦੂਲ ਲੱਖਾ, ਹਰਬੰਸ ਅਖਾੜਾ, ਕੁਲਦੀਪ ਲੋਹਟ, ਦਲਜੀਤ ਹਠੂਰ, ਹਰਚੰਦ ਗਿੱਲ, ਮੇਜਰ ਸਿੰਘ ਛੀਨਾ, ਜੋਗਿੰਦਰ ਅਜਾਦ, ਡਿੰਪਲ, ਅਦੀਬ ਰਵੀ, ਪ੍ਰਭਜੋਤ ਸੋਹੀ, ਰਾਜਦੀਪ ਤੂਰ ਨੇ ਸਾਉਣ ਮਹੀਨੇ ਨੂੰ ਸਮਰਪਿਤ ਕਵਿਤਾਵਾਂ ਪੜ੍ਹੀਆਂ। ਪ੍ਰਿੰਸੀਪਲ ਦਲਜੀਤ ਕੌਰ ਹਠੂਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।