ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਨਵੰਬਰ
ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਹੌਲੀ ਨੇ ਨਾ ਸਿਰਫ ਪੰਜਾਬ ਦਾ ਪਹਿਲਾ ਟਿਊਸ਼ਨ ਮੁਕਤ ਪਿੰਡ ਬਣਨ ਦਾ ਮਾਣ ਹਾਸਲ ਕੀਤਾ ਸਗੋਂ ਆਪਣੇ ਪਿੰਡ ਦੇ ਬੱਚਿਆਂ ਦੇ ਰੌਸ਼ਨ ਭਵਿੱਖ ਲਈ ਮਿਆਰੀ ਪੜ੍ਹਾਈ ਦੇ ਖੇਤਰ ’ਚ ਨਵਾਂ ਰਾਹ ਖੋਲ੍ਹ ਦਿੱਤਾ ਹੈ। ਇਸ ਪਿੰਡ ਦੇ ਸਮਾਜ ਸੇਵਕ ਮਾਸਟਰ ਹਰਦਿਆਲ ਸਿੰਘ ਤੇ ਪਿੰਡ ਦੇ ਹੋਰ ਅਗਾਂਹਵਧੂ ਐਨਆਰਆਈਜ਼ ਦੇ ਸਹਿਯੋਗ ਨਾਲ ਸਿੱਖਿਆ ਖੇਤਰ ‘ਚ ਨਵੀਂ ਤਕਨਾਲੋਜੀ ਨਾਲ ਪੜ੍ਹਾਈ ਕਰਵਾਉਣ ਵਾਲੀ ਸੰਸਥਾ ਟੀਵੀ ਸਕੂਲ ਫਾਊਂਡੇਸ਼ਨ ਦੀ ਮਦਦ ਨਾਲ ਆਪਣੇ ਪਿੰਡ ਨੂੰ ਟਿਊਸ਼ਨ ਮੁਕਤ ਕਰਵਾ ਦਿੱਤਾ ਹੈ। ਇਸ ਸਬੰਧੀ ਸਮਾਗਮ ਕੀਤਾ ਗਿਆ ਜਿਸ ਦੌਰਾਨ ਹਰਜੀਤ ਕੌਰ ਖਹਿਰਾ ਨੇ ਪਿੰਡ ‘ਚ ਸਥਾਪਤ ਗੁਰੂ ਨਾਨਕ ਦੇਵ ਡਿਜੀਟਲ ਐਜੂਕੇਸ਼ਨ ਸੈਂਟਰ ਦਾ ਉਦਘਾਟਨ ਕੀਤਾ। ਹੁਣ ਇਸ ਪਿੰਡ ਦੇ ਵਿਦਿਆਰਥੀ ਅੱਠਵੀਂ ਤੋਂ 12ਵੀਂ ਜਮਾਤ ਤੱਕ ਦੇ ਔਖੇ ਵਿਸ਼ਿਆਂ ਦੀ ਤਿਆਰੀ ਘਰ ਬੈਠ ਕੇ ਕਰ ਸਕਣਗੇ। ਇਸ ਸਬੰਧੀ ਸਿੱਖਿਆ ਸਮੱਗਰੀ ਟੀਵੀ ਸਕੂਲ ਫਾਊਂਡੇਸ਼ਨ ਵੱਲੋਂ ਦਿੱਤੀ ਜਾਵੇਗੀ। ਸਕੂਲ ਦੇ ਪ੍ਰਬੰਧਕੀ ਡਾਇਰੈਕਟਰ ਪ੍ਰੋ. ਸੰਤੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ‘ਪੜ੍ਹਾਓ ਪੰਜਾਬ ਬਚਾਓ ਪੰਜਾਬ’ ਦੇ ਮਿਸ਼ਨ ‘ਤੇ ਕੰਮ ਕਰ ਰਹੀ ਹੈ।