ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਜੂਨ
ਸ਼ਹਿਰ ਦੇ ਥਾਣਾ ਸਲੇਮ ਟਾਬਰੀ ’ਚ ਤਾਇਨਾਤ ਏਐੱਸਆਈ ਦੀ ਲੱਕੜ ਪੁੱਲ ਦੇ ਕੋਲ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ। ਘਟਨਾ ਕਰੀਬ 1:30 ਵਜੇ ਦੀ ਦੱਸੀ ਜਾ ਰਹੀ ਹੈ। ਜਿਵੇਂ ਹੀ ਪੁਲੀਸ ਮੁਲਾਜ਼ਮ ਰੇਲ ਗੱਡੀ ’ਚ ਲਪੇਟ ’ਚ ਆਇਆ ਤਾਂ ਕੋਲੋਂ ਲੰਘ ਰਹੇ ਲੋਕਾਂ ਨੇ ਕੰਟਰੋਲ ਰੂਮ ’ਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਹਾਦਸੇ ਵਿੱਚ ਏਐੱਸਆਈ ਦੀ ਦਰਦਨਾਕ ਮੌਤ ਹੋਈ, ਉਸ ਦਾ ਸਰੀਰ 2 ਟੁੱਕੜਿਆਂ ’ਚ ਵੰਡਿਆ ਗਿਆ। ਹਾਦਸੇ ਦਾ ਪਤਾ ਚੱਲਦੇ ਹੀ ਮੌਕੇ ’ਤੇ ਥਾਣਾ ਜੀਆਰਪੀ ਦੀ ਪੁਲੀਸ ਪੁੱਜੀ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਏਐੱਸਆਈ ਜਿੰਦਰ ਕੁਮਾਰ ਨੇ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਉਹ ਰੇਲ ਗੱਡੀ ਨੇੜਿਓਂ ਲੰਘਦਾ ਹੋਇਆ ਗੱਡੀ ਦੀ ਲੇਪਟ ਵਿੱਚ ਆ ਗਿਆ। ਫਿਲਹਾਲ ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਭਿਜਵਾ ਦਿੱਤੀ ਹੈ।ਏਐਸਆਈ ਜਿੰਦਰ ਕੁਮਾਰ ਹੁਣ ਥਾਣਾ ਸਲੇਮ ਟਾਬਰੀ ’ਚ ਤਾਇਨਾਤ ਸੀ। ਥਾਣਾ ਜੀਆਰਪੀ ਦੇ ਐੱਸਐੱਚਓ ਜਸਕਰਨ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਮਾਮਲਾ ਇਸ ਲਈ ਵੀ ਸ਼ੱਕੀ ਹੈ ਕਿ ਹਾਲੇ ਇਸ ਗੱਲ ਦਾ ਪਤਾ ਨਹੀਂ ਲੱਗ ਪਾ ਰਿਹਾ ਹੈ ਕਿ ਪੁਲੀਸ ਮੁਲਾਜ਼ਮ ਨੇ ਖੁਦਕੁਸ਼ੀ ਕੀਤੀ ਹੈ ਜਾਂ ਜਲਦਬਾਜ਼ੀ ’ਚ ਉਸ ਦਾ ਪੈਰ ਫਿਸਲਿਆ ਹੈ। ਮਾਮਲਾ ਪੁਲੀਸ ਦੇ ਉਚ ਅਧਿਕਾਰੀਆਂ ਦੇ ਧਿਆਨ ’ਚ ਹੈ।