ਡੀਪੀਐੱਸ ਬੱਤਰਾ
ਸਮਰਾਲਾ, 19 ਅਕਤੂਬਰ
ਅੱਜ ਸਵੇਰੇ ਇੱਥੇ ਬਾਈਪਾਸ ਨੇੜੇ ਤੇਜ਼ ਰਫ਼ਤਾਰ ਫਾਰਚੂਨਰ ਨੇ ਹਾਈਵੇਅ ’ਤੇ ਸਾਈਕਲਿੰਗ ਕਰ ਰਹੇ ਰਿਟਾਇਰਡ ਬੈਂਕ ਅਧਿਕਾਰੀ ਅਤੇ ਉਸ ਨਾਲ ਜਾ ਰਹੇ ਪੰਚਾਇਤ ਅਫ਼ਸਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਰਿਟਾਇਰਡ ਬੈਂਕ ਅਧਿਕਾਰੀ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਹੈ, ਜਦਕਿ ਪੰਚਾਇਤ ਅਫ਼ਸਰ ਨੂੰ ਜ਼ਖਮੀ ਹਾਲਤ ਵਿੱਚ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਸਮਰਾਲਾ ਦੇ ਆਦਰਸ਼ ਨਗਰ ਵਿਖੇ ਰਹਿਣ ਵਾਲੇ ਰਿਟਾਇਰਡ ਬੈਂਕ ਅਧਿਕਾਰੀ ਮਨਜੀਤ ਸਿੰਘ (60) ਅਤੇ ਉਨ੍ਹਾਂ ਦਾ ਗੁਆਢੀ ਪੰਚਾਇਤ ਅਫ਼ਸਰ ਹਰਜੀਤ ਸਿੰਘ ਸਾਈਕਲਿੰਗ ਕਰਦੇ ਹੋਏ ਸਵੇਰੇ ਕਰੀਬ ਸਾਢੇ 7 ਵਜੇ ਘਰ ਪਰਤ ਰਹੇ ਸਨ। ਅਚਾਨਕ ਚਹਿਲਾ ਬਾਈਪਾਸ ਕੋਲ ਲੁਧਿਆਣਾ ਤੋਂ ਆ ਰਹੀ ਤੇਜ਼ ਫਾਰਚੂਨਰ ਗੱਡੀ ਇਨ੍ਹਾਂ ਨੂੰ ਟੱਕਰ ਮਾਰਨ ਬਾਅਦ ਦੂਰ ਤੱਕ ਘੜੀਸ ਕੇ ਲੈ ਗਈ।
ਇਸ ਹਾਦਸੇ ਵਿੱਚ ਬੈਂਕ ਅਧਿਕਾਰੀ ਮਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਸਥਾਨਕ ਬਲਾਕ ਪੰਚਾਇਤ ਦਫ਼ਤਰ ਵਿੱਚ ਨਿਯੁਕਤ ਪੰਚਾਇਤ ਅਫ਼ਸਰ ਹਰਜੀਤ ਸਿੰਘ ਇਸ ਵੇਲੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ ਪਰ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲੀਸ ਅਧਿਕਾਰੀ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਫਾਰਚੂਨਰ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਚਾਲਕ ’ਤੇ ਕੇਸ ਦਰਜ ਕੀਤਾ ਜਾ ਰਿਹਾ ਹੈ।