ਡੀਪੀਐੱਸ ਬੱਤਰਾ
ਸਮਰਾਲਾ, 3 ਨਵੰਬਰ
ਸਮਰਾਲੇ ਦੀ ਤਹਿਸੀਲ ਕੰਪਲੈਕਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਛਾਪਾ ਮਾਰਿਆ। ਅੱਜ ਦੁਪਹਿਰੇ ਮੁੱਖ ਮੰਤਰੀ ਦਾ ਕਾਫਲਾ ਤਹਿਸੀਲ ਕੰਪਲੈਕਸ ਵਿੱਚ ਪੁੱਜਿਆ ਤਾਂ ਉਹ ਗੇਟ ਤੋਂ ਹੀ ਉੱਥੇ ਖੜੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲੱਗੇ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ’ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਰਾਜਨੀਤੀ ਕੀਤੇ ਜਾਣ ਦੇ ਲਗਾਏ ਦੋਸ਼ ਨੂੰ ਨਕਾਰਦਿਆਂ ਕਿਹਾ ਕਿ ਪਰਾਲੀ ਸਾੜਨ ਦੀ ਸਮੱਸਿਆ ਇੱਕਲੇ ਦਿੱਲੀ ਜਾਂ ਪੰਜਾਬ ਦੀ ਨਾ ਹੋ ਕੇ ਪੂਰੇ ਉੱਤਰੀ ਭਾਰਤ ਦੀ ਹੈ। ਇਥੋਂ ਤੱਕ ਯੂਪੀ, ਬਿਹਾਰ ਅਤੇ ਹਰਿਆਣਾ ਦੇ ਕਈ ਸ਼ਹਿਰ ਪਰਾਲੀ ਪ੍ਰਦੂਸ਼ਣ ਕਾਰਨ ਪ੍ਰੇਸ਼ਾਨ ਹਨ। ਇਸ ਮੁੱਦੇ ’ਤੇ ਕੇਂਦਰ ਸਰਕਾਰ ਰਾਜਨੀਤੀ ਕਰ ਰਹੀ ਹੈ। ਪੰਜਾਬ ਦੀਆਂ ਗੈਰ-ਕਾਨੂੰਨੀ ਕਲੋਨੀਆਂ ਦੀਆਂ ਰਜਿਸਟਰੀਆਂ ’ਤੇ ਲੱਗੀ ਪਾਬੰਦੀ ਸਬੰਧੀ ਉਨ੍ਹਾਂ ਕਿਹਾ ਕਿ ਇਨ੍ਹਾਂ ਕਲੋਨੀਆਂ ਵਿੱਚ ਪਲਾਟ ਖਰੀਦਣ ਅਤੇ ਘਰ ਬਣਾਉਣ ਵਾਲਿਆਂ ਦਾ ਕੋਈ ਕਸੂਰ ਨਹੀਂ ਅਤੇ ਸਰਕਾਰ ਕਲੋਨਾਈਜ਼ਰਾਂ ਨਾਲ ਇਸ ਸਬੰਧੀ ਮੀਟਿੰਗ ਕਰ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਦਾ ਘਰ ਖੋਹਣਾ ਨਹੀਂ ਚਾਹੁੰਦੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨਾਇਬ ਤਹਿਸੀਲਦਾਰਾਂ ਸਮੇਤ ਮਾਲ ਵਿਭਾਗ ਦੀਆਂ ਆਸਾਮੀਆਂ ਛੇਤੀ ਭਰਨ ਦੇ ਨਾਲ-ਨਾਲ ਨਵੇਂ ਤਹਿਸੀਲ ਕੰਪਲੈਕਸ ਅਤੇ ਹਸਪਤਾਲ ਉਸਾਰੇਗੀ। ਪੰਜਾਬ ਦੇ ਕਰੀਬ ਸਾਰੇ ਵੱਡੇ ਸ਼ਹਿਰਾਂ ਵਿੱਚ ਬੱਸ ਸਟੈਂਡ ਸੰਘਣੀ ਆਬਾਦੀ ਵਿੱਚ ਆ ਗਏ ਹਨ। ਇਸ ਲਈ ਸ਼ਹਿਰਾਂ ਵਿੱਚ ਦੋ-ਦੋ-ਤਿੰਨ-ਤਿੰਨ ਬੱਸ ਅੱਡੇ ਬਣਾਉਣੇ ਪੈਣਗੇ, ਜਿਨ੍ਹਾਂ ਨੂੰ ਆਪਸ ਵਿੱਚ ਜੋੜਨ ਲਈ ਮੁਫ਼ਤ ਸ਼ਟਲ ਸਰਵਿਸ ਵੀ ਦੇਣੀ ਪਵੇਗੀ। ਝੋਨੇ ਦੇ ਖਰੀਦ ਪ੍ਰਬੰਧਾਂ ’ਤੇ ਆਪਣੀ ਸਰਕਾਰ ਦੀ ਪਿੱਠ ਥਾਪੜਦਿਆਂ ਕਿਹਾ ਕਿ ਇਸ ਵਾਰ ਗੁਆਢੀ ਸੂਬਿਆਂ ਤੋਂ ਝੋਨੇ ਦਾ ਇੱਕ ਵੀ ਦਾਣਾ ਵਿਕਣ ਲਈ ਸੂਬੇ ਵਿੱਚ ਨਹੀਂ ਆਉਣ ਦਿੱਤਾ ਅਤੇ ਪੰਜਾਬ ’ਚ ਝੋਨਾ ਵੇਚਣ ਵਾਲੇ ਕਿਸਾਨਾਂ ਨੂੰ 24 ਘੰਟਿਆਂ ਵਿੱਚ ਅਦਾਇਗੀ ਹੋ ਰਹੀ ਹੈ।