ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 5 ਦਸੰਬਰ
‘ਆਪ’ ਅਤੇ ਅਕਾਲੀ ਦਲ ਵੱਲੋਂ ਕਥਿਤ ਨਾਜਾਇਜ਼ ਮਾਈਨਿੰਗ ਦਿਖਾਉਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਅੱਜ ਸਿਆਸੀ ਦੂਸ਼ਣਬਾਜ਼ੀ ਦੀ ਇਸ ਲੜਾਈ ’ਚ ਸਿੱਧੇ ਕੁੱਦ ਪਏ ਹਨ ਤਾਂ ਦੂਜੇ ਪਾਸੇ ਖੱਡਾਂ ਵਿੱਚ ਮਿਹਨਤ ਮਜ਼ਦੂਰੀ ਕਰਨ ਵਾਲੇ ਕਾਮਿਆਂ ਨੇ ਇਕੱਠੇ ਹੋ ਕੇ ਫਰੰਟ ਖੋਲ੍ਹ ਦਿੱਤਾ ਹੈ। ਮੁੱਖ ਮੰਤਰੀ ਦੇ ਨਾਜਾਇਜ਼ ਮਾਈਨਿੰਗ ਬੰਦ ਕਰਕੇ ਰੇਤ ਸਸਤਾ ਮੁਹੱਈਆ ਕਰਵਾਉਣ ਦੇ ਦਾਅਵਿਆਂ ਨੂੰ ਝੁਠਲਾਉਂਦਿਆਂ, ਉਨ੍ਹਾਂ ਕਿਹਾ ਕਿ ਮਿਲੀਭੁਗਤ ਨਾਲ ਰੇਤੇ ਦਾ ਕਾਰੋਬਾਰ ਧੜੱਲੇ ਨਾਲ ਜਾਰੀ ਹੈ। ਪਿੰਡ ਪਰਜੀਆਂ ਕਲਾਂ ਦੀ ਜ਼ਮੀਨ ’ਚ ਲੱਗੇ ਕੰਡੇ ਕੋਲ ਜੁੜੇ ਮਜ਼ਦੂਰਾਂ ਨੇ ਕਿਹਾ ਕਿ ਸਤਲੁਜ ਦਰਿਆ ਵਿਚਲੀਆਂ ਵੱਖ-ਵੱਖ ਜ਼ਮੀਨਾਂ ਵਿੱਚੋਂ ਕਥਿਤ ਨਾਜਾਇਜ਼ ਮਾਈਨਿੰਗ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਰੇਤਾ ਸਸਤਾ ਕਰਨ ਉਪਰੰਤ ਰੇਤੇ ਦਾ ਕਾਰੋਬਾਰ ਕਰ ਰਹੀ ਫਰਮ ਨੇ ਸਿਰਫ 70 ਪੈਸੇ ਪ੍ਰਤੀ ਫੁੱਟ ਮਜ਼ਦੂਰੀ ਦੇਣ ਦਾ ਫ਼ੈਸਲਾ ਕੀਤਾ ਜਦਕਿ ਪਹਿਲਾਂ ਇਕ ਰੁਪਏ ਮਿਲਦਾ ਸੀ। ਪੋਕਲੇਨ ਮਸ਼ੀਨਾਂ ਨਾਲ ਰੇਤੇ ਦੀ ਭਰਾਈ ਸ਼ੁਰੂ ਕਰਕੇ ਕੰਮ ਤੋਂ ਵੀ ਜਵਾਬ ਦਿੱਤਾ ਜਾ ਰਿਹਾ ਹੈ। ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰੇਤ ਮਾਫੀਏ ਨੇ ਉਸ ਦੀ ਅੱਧਾ ਕਿੱਲਾ ਜ਼ਮੀਨ ਵਿੱਚੋਂ ਧੱਕੇ ਨਾਲ ਹੀ ਰੇਤਾ ਭਰ ਲਿਆ ਅਤੇ ਹੁਣ ਦਰਿਆ ’ਚ ਕਈ ਨਾਜਾਇਜ਼ ਟੱਕ ਚਲਾਏ ਜਾ ਰਹੇ ਹਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਰੇਤ ਮਾਫ਼ੀਆ ਅਤੇ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜਗਰਾਉਂ-ਜਲੰਧਰ ਮਾਰਗ ’ਤੇ ਸਤਲੁਜ ਦਰਿਆ ਵਾਲੇ ਪੁਲ ਦੇ ਦੋਹੇਂ ਪਾਸੀਂ ਖਣਨ ਜਾਰੀ ਹੈ। ਇਕ ਪਾਸੇ ਚੱਲ ਰਹੀ ਖੱਡ ਹਲਕਾ ਦਾਖਾ ’ਚ ਪੈਂਦੀ ਹੈ ਅਤੇ ਦੂਸਰੀ ਹਲਕਾ ਜਗਰਾਉਂ ਵਿੱਚ। ਇਥੋਂ ਲੰਘਣ ਵਾਲੇ ਰੇਤੇ ਦੇ ਭਾਰੀ ਵਾਹਨ ਪੁਲ ਦੇ ਹੇਠੋਂ ਤੇ ਪੁਲ ਦੇ ਨੇੜਿਓਂ ਰੇਤ ਚੁੱਕ ਰਹੇ ਹਨ, ਜੋ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਕਾਂਗਰਸ ਸਰਕਾਰ ਦੇ ਦਾਅਵਿਆਂ ਦੇ ਉਲਟ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਰੇਤ ਮਾਫੀਆ ਵੱਧ ਸਰਗਰਮ ਹੋਇਆ ਹੈ।
ਇਸ ਮੌਕੇ ਮਜ਼ਦੂਰਾਂ ਦੇ ਹੱਕ ’ਚ ਆਏ ਕਿਸਾਨ ਜਮਹੂਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਅਤੇ ਡਾ. ਲਖਵੀਰ ਸਿੰਘ ਨੇ ਮੀਡੀਆ ਨੂੰ ਉਹ ਟੱਕ ਵੀ ਵਿਖਾਏ, ਜਿੱਥੇ ਬਿਨਾਂ ਕਿਸੇ ਕੰਡੇ ਤੋਂ ਰੇਤ ਮਾਫੀਆ ਕੰਮ ਚਲਾ ਰਿਹਾ ਹੈ। ਉਨ੍ਹਾਂ ਚਿਤਵਾਨੀ ਦਿੱਤੀ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਨੇ ਰੇਤ ਮਜ਼ਦੂਰਾਂ ਨੂੰ ਇਨਸਾਫ਼ ਨਾ ਦਿੱਤਾ ਅਤੇ ਨਾਜਾਇਜ਼ ਟੱਕ ਬੰਦ ਨਾ ਕਰਵਾਏ ਤਾਂ ਜਗਰਾਉਂ-ਜਲੰਧਰ ਮਾਰਗ ਬੰਦ ਕਰ ਦਿੱਤਾ ਜਾਵੇਗਾ। ਪ੍ਰਦਰਸ਼ਨ ’ਚ ਬਲਜਿੰਦਰ ਸਿੰਘ, ਸੁਰਜੀਤ ਸਿੰਘ, ਗੁਰਮੇਲ ਸਿੰਘ, ਜੋਗਿੰਦਰ ਸਿੰਘ, ਚਰਨ ਸਿੰਘ, ਕੁਲਵਿੰਦਰ ਸਿੰਘ ਆਦਿ ਸ਼ਾਮਲ ਸਨ।