ਗੁਰਿੰਦਰ ਸਿੰਘ
ਲੁਧਿਆਣਾ, 18 ਫਰਵਰੀ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਐਕਸਟੈਨਸ਼ਨ ਵੱਲੋਂ ਗੁਰਮਤਿ ਸੰਗੀਤ ਆਚਾਰੀਆ ਪ੍ਰੋ. ਕਰਤਾਰ ਸਿੰਘ ਦਾ ਸਨਮਾਨ ਕਰਨ ਲਈ ਇਕ ਸਮਾਗਮ ਕੀਤਾ ਗਿਆ, ਜਿਸ ਵਿੱਚ ਸੰਗਤ ਨੇ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ।
ਇਸ ਮੌਕੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ ਨੇ ਕਿਹਾ ਕਿ ਗੁਰਮਤਿ ਸੰਗੀਤ ਇੱਕ ਅਜਿਹੀ ਕਲਾ ਹੈ ਜਿਸ ਦਾ ਆਨੰਦ ਮਾਣਦਿਆਂ ਕੋਈ ਵੀ ਮਨੁੱਖ ਪ੍ਰਮਾਤਮਾ ਦੀ ਬੰਦਗੀ ਵਿੱਚ ਲੀਨ ਹੋ ਕੇ ਅਧਿਆਤਮਕ ਤੇ ਰੂਹਾਨੀਅਤ ਦਾ ਸਕੂਨ ਪ੍ਰਾਪਤ ਕਰ ਸਕਦਾ ਹੈ ਇਸ ਲਈ ਗੁਰਮਤਿ ਸੰਗੀਤ ਤੇ ਤੰਤੀ ਸਾਜ਼ਾਂ ਦੀ ਕਲਾ ਨੂੰ ਵੱਧ ਤੋ ਵੱਧ ਪ੍ਰਫੁੱਲਤ ਕਰਨ ਦੀ ਲੋੜ ਹੈ। ਉਨ੍ਹਾਂ ਪ੍ਰੋ. ਕਰਤਾਰ ਸਿੰਘ ਵੱਲੋਂ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ। ਪ੍ਰੋ. ਕਰਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸਮੁੱਚਾ ਜੀਵਨ ਗੁਰਮਤਿ ਸੰਗੀਤ ਨੂੰ ਸਮਰਪਿਤ ਹੈ ਅਤੇ ਅੱਜ ਵੀ ਉਹ ਇੱਕ ਸਿਖਿਆਰਥੀ ਹਨ। ਬੇਸ਼ੱਕ ਸ਼੍ਰੋਮਣੀ ਕਮੇਟੀ, ਪੰਜਾਬ ਸਰਕਾਰ ਸਮੇਤ ਕਈ ਨਾਮੀ ਸੰਸਥਾਵਾਂ ਵੱਲੋਂ ਵੱਡੇ ਮਾਣ-ਸਨਮਾਨ ਨਾਲ ਨਿਵਾਜੇ ਜਾ ਚੁੱਕੇ ਹਨ ਪਰ ਇਨ੍ਹਾਂ ਸਾਰੇ ਸਨਮਾਨਾਂ ਨਾਲੋਂ ਸੰਗਤ ਦੀ ਮਿਲੀ ਸਨਮਾਨ ਰੂਪੀ ਆਸੀਸ ਉਨ੍ਹਾਂ ਲਈ ਸਭ ਤੋਂ ਉੱਤਮ ਹੈ।
ਇਸ ਦੌਰਾਨ ਪ੍ਰੋ. ਕਰਤਾਰ ਸਿੰਘ ਨੂੰ ਦੁਸ਼ਾਲਾ ਤੇ ਸਿਰਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਅਹੁਜਾ, ਅਤਰ ਸਿੰਘ ਮੱਕੜ, ਜਗਦੇਵ ਸਿੰਘ ਕਲਸੀ, ਦਲੀਪ ਸਿੰਘ ਖੁਰਾਣਾ, ਰਾਜਿੰਦਰ ਸਿੰਘ ਡੰਗ ਤੇ ਹਰਪਾਲ ਸਿੰਘ ਖਾਲਸਾ ਵੀ ਹਾਜ਼ਰ ਸਨ।