ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਅਗਸਤ
ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਹਾਲ ਹੀ ਵਿੱਚ ਦਿੱਲੀ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨਾਲ ਮੁਲਾਕਾਤ ਕੀਤੀ ਅਤੇ ਸਾਹਨੇਵਾਲ-ਹਿੰਡਨ ਰੂਟ ’ਤੇ ਬਿਗ ਚਾਰਟਰ ਏਅਰਲਾਈਨਜ਼ ਵੱਲੋਂ ਬੇਨਿਯਮੀਆਂ ਉਡਾਣਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ ਨੂੰ ਚਾਲੂ ਕਰਨ ਲਈ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਵਿੱਚ ਤੇਜ਼ੀ ਲਿਆਉਣ ਦੀ ਵੀ ਅਪੀਲ ਕੀਤੀ। ਅੱਜ ਇੱਥੇ ਜਾਣਕਾਰੀ ਦਿੰਦਿਆਂ ਸ੍ਰੀ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਮੀਟਿੰਗ ਦੌਰਾਨ ਬਿਗ ਚਾਰਟਰ ਏਅਰਲਾਈਨਜ਼ ਵੱਲੋਂ ਸਾਹਨੇਵਾਲ ਤੋਂ ਹਿੰਡਨ ਤੱਕ ਉਡਾਣ ਦੇ ਸੰਚਾਲਨ ਵਿੱਚ ਕਥਿਤ ਤੌਰ ’ਤੇ ਲਗਾਤਾਰ ਹੋ ਰਹੀਆਂ ਬੇਨਿਯਮੀਆਂ ’ਤੇ ਡੂੰਘੀ ਚਿੰਤਾ ਪ੍ਰਗਟਾਈ। ਸ੍ਰੀ ਅਰੋੜਾ ਨੇ ਦੱਸਿਆ ਕਿ ਹਿੰਡਨ ਲਈ ਹਵਾਈ ਮਾਰਗ ਉਡਾਣ ਸਕੀਮ ਰਾਹੀਂ ਸਰਕਾਰ ਦੇ ਸਮਰਥਨ ਦੇ ਬਾਵਜੂਦ, ਬਿਗ ਚਾਰਟਰ ਹਫ਼ਤੇ ਵਿੱਚ ਪੰਜ ਦਿਨ ਨਿਰਧਾਰਿਤ ਫਲਾਈਟ ਸ਼ੈਡਿਊਲ ਦੀ ਪਾਲਣਾ ਕਰਨ ਵਿੱਚ ਲਗਾਤਾਰ ਅਸਫ਼ਲ ਰਿਹਾ ਹੈ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਸ੍ਰੀ ਅਰੋੜਾ ਨੇ ਮੰਤਰੀ ਨੂੰ ਸਕੀਮ ਦੇ ਦਿਸ਼ਾ-ਨਿਰਦੇਸ਼ਾਂ ਦੀ ਕਥਿਤ ਉਲੰਘਣਾ ਕਰਨ ਲਈ ਬਿਗ ਚਾਰਟਰ ਏਅਰਲਾਈਨਜ਼ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਮੰਤਰੀ ਇਸ ਮਾਮਲੇ ਵੱਲ ਤੁਰੰਤ ਧਿਆਨ ਦੇਣਗੇ ਅਤੇ ਉਡਾਣ ਸਕੀਮ ਵਿੱਚ ਲੋਕਾਂ ਦਾ ਭਰੋਸਾ ਬਹਾਲ ਕਰਨ ਲਈ ਲੋੜੀਂਦੇ ਕਦਮ ਚੁੱਕਣਗੇ। ਇਸੇ ਤਰ੍ਹਾਂ ਉਨ੍ਹਾਂ ਹਲਵਾਰਾ ਹਵਾਈ ਅੱਡੇ ਦੇ ਟਰਮੀਨਲ ਦੀ ਇਮਾਰਤ ਦੇ ਮੁਕੰਮਲ ਹੋਣ ਵੱਲ ਵੀ ਮੰਤਰੀ ਦਾ ਧਿਆਨ ਦਿਵਾਇਆ। ਸ੍ਰੀ ਅਰੋੜਾ ਨੇ ਕਿਹਾ ਕਿ ਹਵਾਈ ਅੱਡੇ ਦੀ ਵੱਡੇ ਆਕਾਰ ਦੇ ਜਹਾਜ਼ਾਂ ਨੂੰ ਸੰਭਾਲਣ ਦੀ ਸਮਰੱਥਾ ਨੂੰ ਦੇਖਦੇ ਹੋਏ ਇਹ ਖੇਤਰ ਲਈ ਇੱਕ ਪ੍ਰਮੁੱਖ ਹਵਾਬਾਜ਼ੀ ਹੱਬ ਵਜੋਂ ਕੰਮ ਕਰਨ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਨੇ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ ਤੋਂ ਵੱਖ-ਵੱਖ ਘਰੇਲੂ ਮੰਜ਼ਿਲਾਂ ਲਈ ਉਡਾਣਾਂ ਸ਼ੁਰੂ ਕਰਨ ਲਈ ਘਰੇਲੂ ਏਅਰਲਾਈਨਜ਼ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਹਲਵਾਰਾ ਹਵਾਈ ਅੱਡੇ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਆਰਥਿਕ ਵਿਕਾਸ ਵਿੱਚ ਤੇਜ਼ੀ ਆਵੇਗੀ ਅਤੇ ਇੱਥੋਂ ਦੇ ਲੋਕਾਂ ਦਾ ਜੀਵਨ ਪੱਧਰ ਹੋਰ ਬਿਹਤਰ ਹੋਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਮੰਤਰੀ ਇਸ ਮਾਮਲੇ ਵੱਲ ਤੁਰੰਤ ਧਿਆਨ ਦੇਣਗੇ।