ਗਗਨਦੀਪ ਅਰੋੜਾ
ਲੁਧਿਆਣਾ, 23 ਅਕਤੂਬਰ
ਸਨਅਤੀ ਸ਼ਹਿਰ ਦੇ ਸਰਾਭਾ ਨਗਰ ਮਾਰਕੀਟ ਦੀਵਾਲੀ ਤੋਂ ਪਹਿਲਾਂ ਹੀ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਨਵੀਂ ਦਿੱਖ ਨਾਲ ਤਿਆਰ ਹੋ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਦੌਰਾ ਕਰਨ ਆਏ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੀਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਰਾਭਾ ਨਗਰ ਦੀ ਪ੍ਰਸਿੱਧ ਮਾਰਕੀਟ ਦੀਵਾਲੀ ਤੋਂ ਪਹਿਲਾਂ ਵਸਨੀਕਾਂ ਲਈ ਸਮਰਪਿਤ ਕੀਤੀ ਜਾਵੇਗੀ। ਮੰਤਰੀ ਆਸ਼ੂ ਵੱਲੋਂ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਅੱਜ ਮਾਰਕੀਟ ਦਾ ਦੌਰਾ ਕਰਦਿਆਂ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ।
ਉਨ੍ਹਾਂ ਕਿਹਾ ਕਿ ਸਰਾਭਾ ਨਗਰ ਮਾਰਕੀਟ ਵਿੱਚ ਹੁਣ ਵਧੀਆ ਲੈਂਡਸਕੇਪਿੰਗ, ਪਾਰਕਿੰਗ, ਅੰਡਰਗਰਾਊਂਡ ਤਾਰਾਂ, ਅੱਗ ਬੁਝਾਊ ਯੰਤਰ, ਇੱਕ ਸੁੰਦਰ ਫੁਆਰਾ ਆਦਿ ਸੁਵਿਧਾਵਾਂ ਸ਼ਾਮਲ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਾਰਕਿੰਗ ਦੀ ਮੌਜੂਦਾ ਸਮਰੱਥਾ ਨਾਲੋਂ ਵਧਾ ਦਿੱਤਾ ਗਿਆ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਵਸਨੀਕ ਰੋਜ਼ਾਨਾ ਇਸ ਮਾਰਕੀਟ ਦਾ ਦੌਰਾ ਕਰਦੇ ਹਨ। ਮੰਤਰੀ ਨੇ ਭਰੋਸਾ ਦਿੱਤਾ ਕਿ ਇਹ ਮਾਰਕੀਟ ਰਾਜ ਦੇ ਸਰਬੋਤਮ ਬਾਜ਼ਾਰਾਂ ਵਿੱਚੋਂ ਇੱਕ ਹੋਵੇਗੀ।
ਬਾਅਦ ਵਿੱਚ, ਨਗਰ ਨਿਗਮ ਕੌਂਸਲਰ ਮਮਤਾ ਆਸ਼ੂ ਅਤੇ ਬਲਜਿੰਦਰ ਸਿੰਘ ਬੰਟੀ ਦੇ ਨਾਲ ਉਨ੍ਹਾਂ ਸ਼ਹਿਰ ਦੇ ਮਾਡਲ ਗ੍ਰਾਮ ਖੇਤਰ ਵਿੱਚ ਉਸਾਰੀ ਅਧੀਨ ਸੜਕ ਦਾ ਵੀ ਦੌਰਾ ਕੀਤਾ, ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਠੇਕੇਦਾਰ ਘਟੀਆ ਮਿਆਰ ਦੀ ਸੜਕ ਬਣਾ ਰਿਹਾ ਹੈ ਤਾਂ ਉਨ੍ਹਾਂ ਤੁਰੰਤ ਸੜਕ ਪੁੱਟਣ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਕਿਸੇ ਨੂੰ ਵੀ ਇਹ ਹੱਕ ਨਹੀਂ ਕਿ ਉਹ ਲੋਕਾਂ ਦੇ ਪੈਸੇ ਨਾਲ ਘਟੀਆ ਕਿਸਮ ਦਾ ਨਿਰਮਾਣ ਕਰਾਵੇ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਜੋ ਵੀ ਨਗਰ ਨਿਗਮ ਦੇ ਅਧਿਕਾਰੀ ਇਸ ਸੜਕ ਦੇ ਨਿਰਮਾਣ ਦੀ ਦੇਖ-ਰੇਖ ਕਰ ਰਹੇ ਸਨ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।