ਦੇਵਿੰਦਰ ਸਿੰਘ ਜੱਗੀ
ਪਾਇਲ, 9 ਜੂਨ
ਪਿਛਲੇ ਦਿਨੀਂ ਸਰਕਾਰ ਵੱਲੋਂ ਭਾਂਵੇ ਹੁਕਮ ਜਾਰੀ ਕੀਤੇ ਗਏ ਸਨ ਕਿ ਮਹਿਲਾ ਸਰਪੰਚ ਦੇ ਪਤੀ ਜਾਂ ਪੁੱਤਰ ਫੋਕੀ ਚੌਧਰ ਨਹੀਂ ਕਰ ਸਕਣਗੇ, ਜਿਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਅਖਬਾਰਾਂ ਵਿੱਚ ਖਬਰਾਂ ਵੀ ਛਪ ਚੁੱਕੀਆਂ ਹਨ। ਪਰ ਈਸੜੂ ਦੇ ਨਾਲ ਲੱਗਦੇ ਪਿੰਡ ਰੋਹਣੋਂ ਖੁਰਦ ’ਚ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਪਿੰਡ ਦੀ ਮੌਜੂਦਾ ਸਰਪੰਚ ਨਛੱਤਰ ਕੌਰ ਹੈ, ਜਦਕਿ ਲੋਕਾਂ ’ਤੇ ਰੋਅਬ ਪਾਉਣ ਦੇ ਉਦੇਸ਼ ਹਿਤ ਸਰਪੰਚ ਦਾ ਲੜਕਾ ਹਰਿੰਦਰ ਸਿੰਘ ਆਪਣੇ ਆਪ ਨੂੰ ਸਰਪੰਚ ਦੱਸਦਾ ਹੈ। ਨੰਬਰਦਾਰ ਨੇ ਦੱਸਿਆ ਕਿ ਹਰਿੰਦਰ ਸਿੰਘ ਨੇ ਖ਼ੁਦ ਨੂੰ ਸਰਪੰਚ ਦੱਸ ਕੇ ਆਪਣੇ ਮੋਬਾਈਲ ਤੋਂ ਇੱਕ ਵਟਸਐਪ ਗਰੁੱਪ ’ਚ 6 ਜੂਨ ਨੂੰ ਪੋਸਟ ਪਾਈ, ਜੋ ਸਰਕਾਰੀ ਹੁਕਮਾਂ ਦੀ ਉਲੰਘਣਾ ਹੈ। ਜਦਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮਹਿਲਾ ਪੰਚ ਜਾਂ ਸਰਪੰਚ ਦਾ ਕੋਈ ਵੀ ਪਰਿਵਾਰਕ ਮੈਂਬਰ ਪੰਚ ਜਾਂ ਸਰਪੰਚ ਦੇ ਕੰਮਾਂ ’ਚ ਹਿੱਸਾ ਨਹੀਂ ਲੈ ਸਕਦਾ। ਇਸ ਸਬੰਧੀ ਨੰਬਰਦਾਰ ਬੈਨੀਪਾਲ ਨੇ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਮੰਗ ਕੀਤੀ ਕਿ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜਦੋਂ ਸਰਪੰਚ ਦੇ ਪੁੱਤਰ ਹਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਗਰਾਊਂਡ ਜ਼ਰੂਰ ਵਾਹ ਕੇ ਆਇਆ ਹੈ, ਪਰ ਉਸ ਨੇ ਕੋਈ ਫੋਟੋ ਜਾਂ ਪੋਸਟ ਕਿਸੇ ਗਰੁੱਪ ਵਿੱਚ ਨਹੀਂ ਪਾਈ। ਪਿੰਡ ਦੇ ਖਿਡਾਰੀਆਂ ਨੇ ਇਹ ਫੋਟੋਆਂ ਤੇ ਪੋਸਟ ਪਾਈ ਹੈ। ਉਸ ਨੇ ਦੱਸਿਆ ਕਿ ਉਸ ਨੂੰ ਸਾਰਾ ਪਿੰਡ ਹੀ ਸਰਪੰਚ ਆਖ ਕੇ ਬੁਲਾਉਂਦਾ ਹੈ।