ਸਤਵਿੰਦਰ ਬਸਰਾ
ਲੁਧਿਆਣਾ, 19 ਸਤੰਬਰ
ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਦੇ ਸਿਆਸੀ ਹਾਲਾਤਾਂ ਨੂੰ ਭਾਂਪਦਿਆਂ ਕਾਂਗਰਸ ਹਾਈਕਮਾਨ ਨੇ ਐੱਸਸੀ ਭਾਈਚਾਰੇ ਦੀ ਹਮਾਇਤ ਬਟੋਰਨ ਲਈ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਪਹਿਲਾ ਐੱਸਸੀ ਮੁੱਖ ਮੰਤਰੀ ਬਣਾ ਦਿੱਤਾ ਹੈ। ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਜਿੱਥੇ ਐੱਸਸੀ ਭਾਈਚਾਰੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਵਿਰੋਧੀ ਪਾਰਟੀਆਂ ਵੱਲੋਂ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਤਰ੍ਹਾਂ ਦੇ ਰੁਝਾਨ ਨੂੰ ਕੁਰਸੀ ਦੀ ਲੜਾਈ ਦਾ ਨਾਂ ਦਿੱਤਾ ਹੈ।
ਸ੍ਰੀ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਨਾਲ ਐੱਸਸੀ ਭਾਈਚਾਰੇ ਦੇ ਲੋਕਾਂ ਵਿੱਚ ਉਤਸ਼ਾਹ ਕਈ ਗੁਣਾਂ ਵਧ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੀਆਂ ਪਾਰਟੀਆਂ ਇਸ ਸਮਾਜ ਨੂੰ ਅੱਗੇ ਲਿਆਉਣ ਦੀ ਬਿਆਨਬਾਜ਼ੀ ਤਾਂ ਕਰਦੀਆਂ ਰਹੀਆਂ ਪਰ ਕਿਸੇ ਨੇ ਵੀ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਹੌਸਲਾ ਨਹੀਂ ਕੀਤਾ। ਕਾਂਗਰਸ ਪਾਰਟੀ ਨੇ ਅਜਿਹਾ ਕਰਕੇ ਸਾਰੀਆਂ ਪਾਰਟੀਆਂ ਨੂੰ ਕਰਾਰੀ ਟੱਕਰ ਦੇ ਦਿੱਤੀ ਹੈ।
ਪੰਜਾਬੀ ਦੇ ਐੱਸਸੀ ਭਾਈਚਾਰੇ ਨੂੰ ਹੱਕ ਮਿਲੇਗਾ: ਰਾਜ ਕੁਮਾਰ
ਭਾਰਤੀ ਵਾਲਮੀਕਿ ਧਰਮ ਸਮਾਜ ਦੇ ਰਾਸ਼ਟਰੀ ਜੁਆਇੰਟ ਸਕੱਤਰ ਰਾਜ ਕੁਮਾਰ ਸਾਥੀ ਦਾ ਕਹਿਣਾ ਹੈ ਕਿ ਹੁਣ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ। ਉਹ ਪਿਛਲੇ ਲੰਬੇ ਸਮੇਂ ਤੋਂ ਆਪਣੇ ਹੱਕਾਂ ਦੀ ਮੰਗ ਕਰ ਰਹੇ ਸਨ ਪਰ ਕੋਈ ਪਾਰਟੀ ਉਨ੍ਹਾਂ ਦਾ ਬਣਦਾ ਹੱਕ ਦੇਣ ਲਈ ਤਿਆਰ ਨਹੀਂ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਹੁਣ ਐੱਸਸੀ ਭਾਈਚਾਰੇ ਨਾਲ ਜੁੜੇ ਮਸਲੇ ਨਾ ਸਿਰਫ ਹੱਲ ਹੋਣਗੇ ਸਗੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਮਜ਼ਬੂਤ ਦਾਅਵੇਦਾਰ ਵਜੋਂ ਅੱਗੇ ਆਵੇਗੀ। ਉਨ੍ਹਾਂ ਨੇ ਸੂਬੇ ਵਿੱਚ ਅਨੁਸੂਚਿਤ ਜਾਤੀ ਦੇ ਨੁਮਾਇੰਦੇ ਨੂੰ ਭਾਗੀਦਾਰੀ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਐੱਸਸੀ ਮੁੱਖ ਮੰਤਰੀ ਬਣਾਉਣ ਨਾਲ ਕਾਂਗਰਸ ਦਾ ਬੇੜਾ ਪਾਰ ਨਹੀਂ ਹੋਣਾ: ਭੋਲਾ ਗਰੇਵਾਲ
ਆਪ ਪਾਰਟੀ ਦੇ ਹਲਕਾ ਪੂਰਬੀ ਇੰਚਾਰਜ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਐੱਸੀਸੀ ਮੁੱਖ ਮੰਤਰੀ ਬਣਾਉਣ ਨਾਲ ਕਾਂਗਰਸ ਦਾ ਬੇੜਾ ਪਾਰ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਕੈਪਟਨ ਦੇ ਰਾਜ ਸਮੇਂ ਵੀ ਨਵਾਂ ਬਣਾਇਆ ਮੁੱਖ ਮੰਤਰੀ, ਕੈਬਨਿਟ ਮੰਤਰੀ ਸੀ। ਸ੍ਰੀ ਗਰੇਵਾਲ ਨੇ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਪ ਮੁੱਖ ਮੰਤਰੀ ਐੱਸਸੀ ਭਾਈਚਾਰੇ ਵਿੱਚੋਂ ਬਣਾਉਣਾ ਦਾ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ।
ਜੋ ਚਮਕੌਰ ਸਾਹਿਬ ਤੋਂ ਬਾਹਰ ਨੀਂ ਨਿਕਲਿਆ ਉਹ ਪੰਜਾਬ ਦੀ ਕੀ ਭਲਾਈ ਕਰੇਗਾ: ਢਿੱਲੋਂ
ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਜਿਹੜਾ ਵਿਧਾਇਕ ਚਮਕੌਰ ਸਾਹਿਬ ਤੋਂ ਬਾਹਰ ਨਹੀਂ ਨਿਕਲਿਆ, ਉਹ ਪੰਜਾਬ ਦੀ ਕੀ ਭਲਾਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਵਿੱਚ ਆਪਣਾ ਮੁੱਖ ਮੰਤਰੀ ਚੁਣਨ ਦੀ ਵੀ ਤਾਕਤ ਨਹੀਂ ਰਹੀ। ਇਹੋ ਵਜ੍ਹਾ ਹੈ ਕਿ ਸੈਂਟਰ ਵਿੱਚ ਬੈਠੇ ਅਜਿਹੇ ਆਗੂਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਚੋਣ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਇੱਥੋਂ ਦੇ ਹਾਲਾਤਾਂ ਦਾ ਕੁੱਝ ਪਤਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਖੁਸ਼ਹਾਲੀ ਅਕਾਲੀ ਪਾਰਟੀ ਦੇ ਦੁਬਾਰਾ ਆਉਣ ਨਾਲ ਹੀ ਆਵੇਗੀ।