ਜਗਰਾਉਂ (ਜਸਬੀਰ ਸ਼ੇਤਰਾ): ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਹੈ ਕਿ ਵੈਕਸੀਨ ਘਪਲੇ ਤੋਂ ਬਾਅਦ ਕਰੋਨਾ ਸਬੰਧੀ ਬਣਾਈ ਫ਼ਤਹਿ ਕਿੱਟ ’ਚ ਘਪਲੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਚਿਹਰਾ ਬੇਪਰਦ ਕਰ ਦਿੱਤਾ ਹੈ। ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਤੱਕ ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਸਣੇ ਹੋਰ ਦੋਸ਼ਾਂ ’ਚ ਘਿਰੀ ਅਮਰਿੰਦਰ ਸਰਕਾਰ ਖ਼ੁਦ ਨੂੰ ਇਮਾਨਦਾਰ ਦਿਖਾਉਣ ’ਚ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਭਿਆਨਕ ਮਹਾਮਾਰੀ ਨਾਲ ਜੂਝ ਰਿਹਾ ਹੈ ਤੇ ਦੂਜੇ ਪਾਸੇ ਕੈਪਟਨ ਸਰਕਾਰ ਕਰੋਨਾ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਅਤੇ ਕਰੋਨਾ ਦੀਆਂ ਫ਼ਤਹਿ ਕਿੱਟਾਂ ਚਹੇਤਿਆਂ ਕੋਲੋਂ ਮਹਿੰਗੇ ਮੁੱਲ ਖ਼ਰੀਦਕੇ ਵੱਡੇ-ਵੱਡੇ ਘਪਲੇ ਕਰ ਰਹੀ ਹੈ। ਜਗਰਾਉਂ ਤੋਂ ਵਿਧਾਇਕ ਬੀਬੀ ਮਾਣੂੰਕੇ ਨੇ ਆਖਿਆ ਕਿ ਪੀਪੀਈ ਕਿੱਟਾਂ ’ਚ ਘਪਲਾ ਕਰਨ ਵਾਲੀ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਰਕਾਰ ਬਣਦੇ ਸਾਰ ਕਿਹਾ ਸੀ ਕਿ ਉਹ ਅਕਾਲੀ ਸਰਕਾਰ ਦੇ ਸੌ ਕਰੋੜ ਦੇ ਘਪਲੇ ਨੂੰ ਜੱਗ ਜ਼ਾਹਿਰ ਕਰਨਗੇ ਪਰ ਉਹ ਵੀ ਮਿਲੀਭੁਗਤ ਕਰ ਕੇ ਚੁੱਪ ਕਰ ਗਏ। ਅਨੁਸੂਚਿਤ ਜਾਤੀ ਵਿਦਿਆਰਥੀਆਂ ਦੇ ਵਜੀਫ਼ੇ ’ਚ 64 ਕਰੋੜ ਦਾ ਕਥਿਤ ਘਪਲਾ ਕੀਤਾ ਜਿਸ ਨੂੰ ਮੁੱਖ ਮੰਤਰੀ ਨੇ ਕਲੀਨਚਿੱਟ ਦੇ ਕੇ ਰਫਾ-ਦਫਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਿੱਲੀ ਜਾ ਕੇ ਤਿੰਨ ਮੈਂਬਰੀ ਕਮੇਟੀ ਨੂੰ ਭ੍ਰਿਸ਼ਟ ਮੰਤਰੀਆਂ ਤੇ ਵਿਧਾਇਕਾਂ ਦੇ ‘ਕਾਲੇ ਕੰਮਾਂ’ ਦੀ ਸੂਚੀ ਦੇ ਕੇ ਆਏ ਹਨ। ਇਸ ਨਾਲ ਖੁਦ ਕਾਂਗਰਸ ਸਰਕਾਰ ਨੇ ਕਬੂਲ ਲਿਆ ਹੈ ਕਿ ਭ੍ਰਿਸ਼ਟਾਚਾਰ ਹੋ ਰਿਹਾ ਹੈ।