ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜਨਵਰੀ
ਨਵਚੇਤਨਾ ਬਾਲ ਭਲਾਈ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਚੇਅਰਮੈਨ ਪਰਮਜੀਤ ਸਿੰਘ ਪਨੇਸਰ ਦੀ ਅਗਵਾਈ ਹੇਠ ਸਥਾਨਕ ਸਰਕਟ ਹਾਊਸ ਵਿੱਚ ਕੀਤੀ ਗਈ। ਮੀਟਿੰਗ ’ਚ ਜਗਦੀਸ਼ ਸਿੰਘ, ਪਲਵੀ ਗਰਗ, ਰੇਖਾ ਬਾਂਸਲ, ਰਮਨੀਕ ਬਾਲਾ, ਹਰਸ਼ਨਾ ਸ਼ਰੋਫ, ਰੁਸ਼ੀਲ ਸ਼ਰਮਾ, ਮਨਨ ਵਰਮਾ, ਰਚਿਤਾ ਚੰਡੋਕ ਆਦਿ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਪ੍ਰਧਾਨ ਸੇਖੋਂ ਨੇ ਦੱਸਿਆ ਕਿ ਨਵਚੇਤਨਾ ਦੁਆਰਾ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਕੁਝ ਲੜਕੀਆਂ ਦੀ ਸਿਹਤ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਲਈ ਗਈ ਹੈ, ਜਿਸ ਤਹਿਤ ਅੱਜ ਗੌਰੀ ਅਤੇ ਹਰਸਿਮਰਨ ਨੂੰ ਛੇ-ਛੇ ਮਹੀਨੇ ਦਾ ਵਜ਼ੀਫਾ, ਵਰਦੀ, ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਨਵਚੇਤਨਾ ਵਿਮੈਨ ਫਰੰਟ ਦੀ ਪ੍ਰਧਾਨ ਪਲਵੀ ਗਰਗ ਅਤੇ ਰੇਖਾ ਬਾਂਸਲ ਨੇ ਦੱਸਿਆ ਕਿ ਨਵਚੇਤਨਾ ਵੱਲੋਂ ਇਹ ਮਦਦ ਉਦੋਂ ਤੱਕ ਕੀਤੀ ਜਾਵੇਗੀ, ਜਦੋਂ ਤੱਕ ਬੱਚੀਆਂ ਪੜ੍ਹਾਈ ਜਾਰੀ ਰੱਖਣਗੀਆਂ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸੈਸ਼ਨ ਵਿੱਚ ਕੁਝ ਹੋਰ ਬੱਚੀਆਂ ਦੀ ਜ਼ਿੰਮੇਵਾਰੀ ਲਈ ਜਾਵੇਗੀ ਤਾਂ ਜੋ ਕੋਈ ਬੱਚੀ ਵਿੱਤੀ ਘਾਟ ਕਾਰਨ ਪੜ੍ਹਾਈ ਛੱਡਣ ਲਈ ਮਜਬੂਰ ਨਾ ਹੋਵੇ।