ਜੋਗਿੰਦਰ ਸਿੰਘ ਓਬਰਾਏ
ਖੰਨਾ, 15 ਨਵੰਬਰ
ਇਥੇ ਮੁਕੇਰੀਆ ਦੇ ਵਸਨੀਕ ਵਰੁਣ ਸੂਦ ਨੇ ਅੱਜ ਇੱਕ ਸਪੈਸ਼ਲ ਸਕੂਲ ਮੁਖੀ ’ਤੇ ਬੱਚੇ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਦੋਸ਼ ਲਾਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਦ ਨੇ ਦੱਸਿਆ ਕਿ ਉਨ੍ਹਾਂ ਆਪਣੇ 13 ਵਰ੍ਹਿਆਂ ਦੇ ਮੰਦਬੁੱਧੀ ਬੱਚੇ ਦਮਨ ਸੂਦ ਨੂੰ ਖੰਨਾ ਨੇੜਲੇ ਪਿੰਡ ਇਕੋਲਾਹਾ ਵਿੱਚ ਚੱਲ ਰਹੇ ਐੱਸ.ਆਰ.ਐੱਨ ਨਿੱਜੀ ਸਪੈਸ਼ਲ ਸਕੂਲ ਵਿਚ ਚਾਰ ਅਪਰੈਲ ਨੂੰ ਦਾਖਲ ਕਰਵਾਇਆ ਸੀ। ਕੁਝ ਦਿਨ ਮਗਰੋਂ ਜਦੋਂ ਉਹ ਬੱਚੇ ਨੂੰ ਮਿਲਣ ਗਏ ਤਾਂ ਉਸ ਦੀ ਹਾਲਤ ਵਿਚ ਸੁਧਾਰ ਦੀ ਥਾਂ ਸਰੀਰ ’ਤੇ ਜ਼ਖ਼ਮ ਦਿਖਾਈ ਦਿੱਤੇ। ਉਨ੍ਹਾਂ ਦੋਸ਼ ਲਾਇਆ ਕਿ ਸਕੂਲ ਮੁਖੀ ਨੇ ਇਸ ਸਬੰਧੀ ਪਰਿਵਾਰਕ ਮੈਬਰਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਫੋਨ ’ਤੇ ਚੱਲਦੇ ਕੈਮਰੇ ਵੀ ਬੰਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਜਦੋਂ ਚਾਰ ਅਕਤੂਬਰ ਨੂੰ ਬੱਚੇ ਨੂੰ ਘਰ ਲਿਆ ਕੇ ਦੇਖਿਆ ਤਾਂ ਉਸ ਦੇ ਸਰੀਰ ਤੇ ਜ਼ਖ਼ਮ ਸਨ ਪਰ ਸਕੂਲ ਮੁਖੀ ਗਿਰਬਰਧਾਰੀ ਪ੍ਰਸ਼ਾਦ ਨੇ ਬੱਚੇ ਦਾ ਸਹੀ ਇਲਾਜ ਨਹੀਂ ਕਰਵਾਇਆ। ਹਰ ਮਹੀਨੇ ਬੱਚੇ ਦੀ 15 ਹਜ਼ਾਰ ਰੁਪਏ ਫੀਸ ਅਦਾ ਕੀਤੀ ਜਾਂਦੀ ਹੈ। ਸੂਦ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਥਾਣਾ ਸਦਰ ਵਿੱਚ ਸ਼ਿਕਾਇਤ ਕੀਤੀ ਹੈ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਸਕੂਲ ਮੁਖੀ ਬੱਚੇ ਦੇ ਮਾਪਿਆਂ ਨਾਲ ਸਮਝੌਤੇ ਲਈ ਤਿਆਰ
ਸਕੂਲ ਮੁਖੀ ਗਿਰਬਰਧਾਰੀ ਪ੍ਰਸ਼ਾਦ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ ਪਰ ਉਨ੍ਹਾਂ ਕਿਹਾ ਕਿ ਉਹ ਬੱਚੇ ਦੇ ਮਾਪਿਆਂ ਨਾਲ ਸਮਝੌਤਾ ਕਰਨ ਨੂੰ ਤਿਆਰ ਹਨ। ਇਸੇ ਤਰ੍ਹਾਂ ਥਾਣਾ ਸਦਰ ਦੇ ਮੁਖੀ ਹੇਮੰਤ ਮਲਹੋਤਰਾ ਨੇ ਕਿਹਾ ਕਿ ਸੂਦ ਦੇ ਬਿਆਨਾਂ ’ਤੇ ਉਹ ਕਾਰਵਾਈ ਕਰਨਗੇ।