ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਨਵੰਬਰ
ਸਮਾਰਟ ਸਿਟੀ ਪ੍ਰਾਜੈਕਟ ਦੇ ਬਿੱਲ ਕਲੀਅਰ ਕਰਨ ਦੇ ਬਦਲੇ 15,000 ਰੁਪਏ ਦੀ ਰਿਸ਼ਵਤ ਲੈਣ ਵਾਲੀ ਐੱਸਡੀਓ ਨੇਹਾ ਪੰਚਾਲ ਨੂੰ ਉਸ ਦੇ ਸਹਾਇਕ ਨੈਤਿਕ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਪੀਟਾਮਾਸ ਪ੍ਰਾਈਵੇਟ ਲਿਮਟਿਡ ਦੇ ਜਨਰਲ ਮੈਨੇਜਰ ਭੱਟੀਆਂ ਬੇਟ ਸਥਿਤ ਗਗਨਦੀਪ ਕਲੋਨੀ ਦੇ ਵਾਸੀ ਸੁਸ਼ੀਲ ਕੁਮਾਰ ਦੀ ਸ਼ਿਕਾਇਤ ’ਤੇ ਦੋਵਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ। ਜੀਐਮ ਸੁਸ਼ੀਲ ਕੁਮਾਰ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਕੰਪਨੀ ਲੁਧਿਆਣਾ ਨਗਰ ਨਿਗਮ ਅਧੀਨ ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਦੇ ਲਈ ਆਈਟੀ ਸਲਾਹਕਾਰ ਵਜੋਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਕੰਪਨੀ ਨੂੰ 1 ਅਕਤੂਬਰ 2023 ਤੋਂ 30 ਨਵੰਬਰ 2024 ਤੱਕ ਠੇਕਾ ਦਿੱਤਾ ਗਿਆ ਸੀ। ਇਸ ਦੌਰਾਨ ਹੋਏ ਕੰਮਾਂ ਦਾ ਕਰੀਬ 7 ਲੱਖ 8 ਹਜ਼ਾਰ ਰੁਪਏ ਦਾ ਬਿੱਲ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿੱਚ ਜਮਾਂ ਕਰਵਾਇਆ ਗਿਆ ਹੈ। ਜਦੋਂ ਉਹ ਐਸਡੀਓ ਨੇਹਾ ਪੰਚਾਲ ਦੇ ਦਫ਼ਤਰ ਗਿਆ ਤਾਂ ਉਸ ਨੇ ਬਿੱਲ ਪਾਸ ਕਰਵਾਉਣ ਬਦਲੇ 15,000 ਰੁਪਏ ਜਾਂ ਸਾਰੀ ਰਕਮ ਦਾ ਦੋ ਪ੍ਰਤੀਸ਼ਤ ਰਿਸ਼ਵਤ ਵਜੋਂ ਮੰਗੀ। ਉਸ ਨੇ ਸਾਰੀ ਗੱਲਬਾਤ ਰਿਕਾਰਡ ਕਰ ਲਈ ਤੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ। ਸ਼ਿਕਾਇਤ ਵਿੱਚ ਲੱਗੇ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਐਸਡੀਓ ਨੇਹਾ ਪੰਚਾਲ ਦੇ ਸਹਾਇਕ ਨੈਤਿਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਪਾਸੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।