ਗਗਨਦੀਪ ਅਰੋੜਾ
ਲੁਧਿਆਣਾ, 25 ਦਸੰਬਰ
ਸਨਅਤੀ ਸਹਿਰ ਦੀ ਅਦਾਲਤ ਕੰਪਲੈਕਸ ਦੇ ਪਖਾਨੇ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਪੁਲੀਸ ਨੇ ਹਾਈ ਅਲਰਟ ਕੀਤਾ ਹੋਇਆ ਹੈ। ਬੀਤੇ ਦਿਨੀਂ ਪੁਲੀਸ ਕਮਿਸ਼ਨਰ ਦੀ ਅਗਵਾਈ ਵਿੱਚ ਫਲੈਗ ਮਾਰਚ ਵੀ ਕੱਢਿਆ ਗਿਆ, ਪਰ ਇੰਨਾ ਸਭ ਕੁੱਝ ਹੋਣ ਦੇ ਬਾਵਜੂਦ ਲੁਧਿਆਣਾ ਦੇ ਬੱਸ ਅੱਡੇ ਦੀ ਸੁਰੱਖਿਆ ਰੱਬ ਦੇ ਆਸਰੇ ਹਨ। ਇੰਨੇ ਵੱਡੇ ਬੱਸ ਅੱਡੇ ’ਤੇ ਗਿਣਤੀ ਦੇ ਇੱਕ ਦੋ ਮੁਲਾਜ਼ਮ ਹੀ ਤਾਇਨਾਤ ਹਨ, ਉਹ ਵੀ ਸਾਈਡ ’ਤੇ ਕੁਰਸੀ ਲਗਾ ਬੈਠੇ ਸਨ। ਬੰਬ ਧਮਾਕੇ ਦੇ ਕੇਸ ਨੂੰ ਤਾਂ ਪੁਲੀਸ ਨੇ ਸੁਲਝਾ ਲਿਆ ਹੈ, ਜਾਪਦਾ ਹੈ ਇਸ ਤੋਂ ਬਾਅਦ ਲੁਧਿਆਣਾ ਵਿੱਚ ਪੁਲੀਸ ਥੋੜ੍ਹਾ ਆਰਾਮ ਦੇ ਮੂਡ ਵਿੱਚ ਪਹੁੰਚ ਗਈ। ਸ਼ਹਿਰ ਦੇ ਬੱਸ ਸਟੈਂਡ ਦੀ ਗੱਲ ਕਰੀਏ ਤਾਂ ਇੱਥੇ ਸਵੇਰੇ ਤੋਂ ਸ਼ਾਮ ਤੱਕ ਸੈਂਕੜੇ ਬੱਸਾਂ ਆਉਂਦੀਆਂ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇੱਥੋਂ ਬੱਸ ਲੈ ਕੇ ਸਫ਼ਰ ਕਰਦੇ ਹਨ। ਪਰ ਜਦੋਂ ਬੰਬ ਧਮਾਕੇ ਤੋਂ ਬਾਅਦ ਲੁਧਿਆਣਾ ਦੇ ਬੱਸ ਸਟੈਂਡ ਦੀ ਸੁਰੱਖਿਆ ਦੇਖੀ ਗਈ ਤਾਂ ਉਥੇ ਕੋਈ ਵੀ ਮੁਲਾਜ਼ਮ ਤਾਇਨਾਤ ਨਹੀਂ ਸੀ। ਬੱਸ ਸਟੈਂਡ ਵਿੱਚ ਬਿਨਾਂ ਚੈਕਿੰਗ ਦੇ ਹੀ ਲੋਕ ਆ ਜਾ ਰਹੇ ਹਨ। ਕੋਈ ਪੁੱਛਣ ਵਾਲਾ ਨਹੀਂ। ਜਦੋਂ ਬੱਸ ਸਟੈਂਡ ਦੇ ਅੰਦਰ ਜਾ ਕੇ ਦੇਖਿਆ ਤਾਂ ਪੂਰੇ ਬੱਸ ਅੱਡੇ ਵਿੱਚ ਸਿਰਫ਼ ਦੋ ਮੁਲਾਜ਼ਮ ਸਨ, ਜੋ ਆਰਾਮ ਕਰ ਰਹੇ ਸਨ। ਹਾਲਾਂਕਿ, ਬੱਸ ਸਟੈਂਡ ਵਿੱਚ ਪੁਲੀਸ ਚੌਕੀ ਵੀ ਬਣਾਈ ਗਈ ਹੈ, ਜਿਨ੍ਹਾਂ ਦੇ ਹਵਾਲੇ ਬੱਸ ਸਟੈਂਡ ਦੀ ਸੁਰੱਖਿਆ ਹੈ। ਜਦੋਂ ਬੱਸ ਸਟੈਂਡ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲੀਸ ਦੀ ਤਾਇਨਾਤੀ ਇੱਥੇ ਰਹਿੰਦੀ ਹੈ। ਪੁਲੀਸ ਮੁਲਾਜ਼ਮ ਚੱਕਰ ਵੀ ਕੱਟਦੇ ਹਨ। ਹੋ ਸਕਦਾ ਹੈ ਕਿ ਅੱਜ ਮੁਲਾਜ਼ਮ ਨਾ ਆਏ ਹੋਣ।
ਰੇਲਵੇ ਸਟੇਸ਼ਨ ’ਤੇ ਰਿਹਾ ਸੁਰੱਖਿਆ ਦਾ ਸਖ਼ਤ ਪ੍ਰਬੰਧ
ਰੇਲਵੇ ਸਟੇਸ਼ਨ ਲੁਧਿਆਣਾ ਤੋਂ ਭਾਵੇਂ ਰੇਲ ਗੱਡੀਆਂ ਘੱਟ ਗਿਣਤੀ ਵਿੱਚ ਚਲ ਰਹੀਆਂ ਹਨ ਪਰ ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਮੁਲਾਜ਼ਮ ਜ਼ਰੂਰ ਦੇਖਣ ਨੂੰ ਮਿਲੇ। ਇੱਥੇ ਤਿੰਨੋਂ ਗੇਟਾਂ ’ਤੇ ਪੁਲੀਸ ਦੇ ਮੁਲਾਜ਼ਮ ਤਾਇਨਾਤ ਸਨ, ਜੋ ਕਿ ਯਾਤਰੀਆਂ ਦੀ ਜਾਂਚ ਕਰਕੇ ਅੰਦਰ ਭੇਜ ਰਹੇ ਸਨ।