ਪੱਤਰ ਪ੍ਰੇਰਕ
ਜਗਰਾਉਂ, 28 ਅਕਤੂਬਰ
ਜ਼ਿਲ੍ਹਾ ਪ੍ਰਸ਼ਾਸਨ ਨੇ ਸੂਬਾ ਸਰਕਾਰ ਦੀ ਯੋਜਨਾ ਤਹਿਤ ਨਵੀਆਂ ਤੇ ਪੁਰਾਣੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਨੂੰ ਦੇਣ ਦੇ ਮਕਸਦ ਨਾਲ ਸਬ-ਡਿਵੀਜ਼ਨ ਪੱਧਰੀ ਸੁਵਿਧਾ ਕੈਂਪ ਦਾ ਪ੍ਰਬੰਧ ਕੀਤਾ। ਸਿੱਧਵਾਂ ਬੇਟ ਇਲਾਕੇ ਵਿਚ ਲਗਾਏ ਗਏ ਕੈਂਪ ’ਚ ਪਹੁੰਚੇ ਐੱਸਡੀਐੱਮ ਵਿਕਾਸ ਹੀਰਾ ਨੇ ਜਾਇਜ਼ਾ ਲਿਆ। ਕੈਂਪ ਵਿੱਚ ਸਰਕਾਰ ਨਾਲ ਸਬੰਧਤ ਸਾਰੇ ਵਿਭਾਗਾਂ ਦੇ ਮੁਲਜ਼ਮ ਅਤੇ ਅਧਿਕਾਰੀ ਹਾਜ਼ਰ ਰਹੇ। ਕੈਂਪ ਦੌਰਾਨ ਮਾਲ ਵਿਭਾਗ ਵੱਲੋਂ 37 ਇੰਤਕਾਲ ਮਨਜ਼ੂਰ ਕੀਤੇ ਗਏ। ਬੀਡੀਪੀਓ ਸਿੱਧਵਾਂ ਬੇਟ ਵੱਲੋਂ 5-5 ਮਰਲੇ ਦੇ 290 ਫਾਰਮ, ਕੱਚੇ ਮਕਾਨਾਂ ਦੇ 150, ਨਰੇਗਾ ਕੰਮ ਲਈ ਸੱਤ ਫਾਰਮ ਪ੍ਰਾਪਤ ਕੀਤੇ ਗਏ। ਪਾਵਰਕੌਮ ਵੱਲੋਂ ਬਿੱਲ ਮੁਆਫੀ ਦੀਆਂ 76 ਅਰਜ਼ੀਆਂ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਚਾਰ ਦਰਖਾਸਤਾਂ ’ਤੇ ਬਣਦੀ ਕਾਰਵਾਈ ਕਰਨ ਦਾ ਵਾਅਦਾ ਕੀਤਾ।
ਰਾਏਕੋਟ (ਪੱਤਰ ਪ੍ਰੇਰਕ): ਸਥਾਨਕ ਸ਼ਹਿਰ ਤੇ ਪਿੰਡਾਂ ਦੇ ਯੋਗ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸਹੂਲਤਾਂ ਦਿਵਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸਥਾਨਕ ਨਗਰ ਕੌਂਸਲ ’ਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਬੀਡੀਪੀਓ ਬਲਜੀਤ ਸਿੰਘ, ਸੀਡੀਪੀਓ ਰਵਿੰਦਰਪਾਲ ਕੌਰ (ਸੁਧਾਰ), ਸੀਡੀਪੀਓ ਨਿਖਲ ਅਰੌੜਾ (ਪੱਖੋਵਾਲ) ਆਦਿ ਅਧਿਕਾਰੀਆਂ ਨੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਤੇ ਬੁਢਾਪਾ, ਵਿਧਵਾ, ਅੰਗਹੀਣਾਂ ਦੀ ਪੈਨਸਨਾਂ, ਆਯੂਸ਼ਮਾਨ ਕਾਰਡ, ਸ਼ਗਨ ਸਕੀਮ, ਬੱਸ ਪਾਸ, ਕੱਚੇ ਮਕਾਨਾਂ ਸਬੰਧੀ ਤੇ ਪਿੰਡਾਂ ਵਿੱਚ ਗਰੀਬ ਵਰਗ ਨੂੰ ਮਿਲ ਰਹੇ ਪਲਾਟਾਂ ਸਬੰਧੀ ਜਾਣਕਾਰੀ ਦਿੱਤੀ ਤੇ ਲੋੜੀਂਦੇ ਫਾਰਮ ਭਰੇ ਗਏ।
ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਨੇੜਲੇ ਪਿੰਡ ਦਹਿਲੀਜ਼ ਕਲਾਂ ਵਿੱਚ ਅੱਜ ਸੁਵਿਧਾ ਕੈਂਪ ਲਗਾਇਆ ਗਿਆ। ਇਸ ਦੌਰਾਨ ਕਰੀਬ 500 ਵਿਅਕਤੀਆਂ ਨੇ ਪੰਦਰਾਂ ਮਹਿਕਮਿਆਂ ਦੀਆਂ ਟੀਮਾਂ ਤੋਂ ਮੌਕੇ ’ਤੇ ਆਪਣੇ ਕੰਮ ਕਰਵਾਏ।