ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਮਈ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਸੱਤ ਜਣਿਆਂ ਨੂੰ ਸੱਟਾ ਲਗਾਉਂਦਿਆਂ ਗ੍ਰਿਫ਼ਤਾਰ ਕਰਕੇ ਭਾਰੀ ਮਾਤਰਾ ਵਿੱਚ ਨਕਦੀ ਬਰਾਮਦ ਕੀਤੀ ਹੈ। ਕਰਾਈਮ ਬਰਾਂਚ ਦੇ ਹੌਲਦਾਰ ਬਲਜਿੰਦਰ ਸਿੰਘ ਦੱਸਿਆ ਹੈ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਸਿਵਲ ਹਸਪਤਾਲ ਦੇ ਸਾਹਮਣੇ ਸੱਟਾ ਲਗਾਉਂਦਿਆਂ ਅਮਰਜੀਤ ਸਿੰਘ ਵਾਸੀ ਸ਼ਿਵਾਜੀ ਨਗਰ, ਟਿੰਕੂ ਵਾਸੀ ਪ੍ਰੇਮ ਨਗਰ ਮਿਲਰਗੰਜ ਅਤੇ ਗੁਰਮੀਤ ਸਿੰਘ ਵਾਸੀ ਕੋਟ ਆਲਮਗੀਰ ਨੂੰ ਗ੍ਰਿਫਤਾਰ ਕਰਕੇ 3500 ਰੁਪਏ ਬਰਾਮਦ ਕੀਤੇ ਹਨ ਅਤੇ ਉਨ੍ਹਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ ਦੋ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਹੌਲਦਾਰ ਰਣਜੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਬੱਸ ਅੱਡੇ ਸਾਹਮਣੇ ਯਮਲਾ ਪਾਰਕ ਵਿੱਚ ਦੜਾ ਸੱਟਾ ਲਗਾਉਂਦੇ ਰੁਪੇਸ਼ ਖੰਨਾ ਵਾਸੀ ਦੁਰਗਾ ਪੁਰੀ ਹੈਬੋਵਾਲ, ਟੀਟੂ ਵਾਸੀ ਜਵਾਹਰ ਨਗਰ ਅਤੇ ਨਰੇਸ਼ ਕੁਮਾਰ ਵਾਸੀ ਅਬਦੁੱਲਾਪੁਰ ਬਸਤੀ ਨੂੰ ਕਾਬੂ ਕਰਕੇ 4 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਕ ਹੋਰ ਮਾਮਲੇ ਵਿਚ ਥਾਣਾ ਟਿੱਬਾ ਦੀ ਪੁਲੀਸ ਨੇ ਅਮਰੀਕ ਸਿੰਘ ਦੀ ਅਗਵਾਈ ਹੇਠ ਜਤਿੰਦਰ ਸੂਦ ਵਾਸੀ ਸੰਧੂ ਕਾਨੂੰਨੀ ਟਿੱਬਾ ਨੂੰ ਗੋਪਾਲ ਨਗਰ ਨੇੜੇ ਸੱਟਾ ਲਾਉਂਦਿਆਂ ਗ੍ਰਿਫ਼ਤਾਰ ਕਰਕੇ 2500 ਰੁਪਏ ਬਰਾਮਦ ਕੀਤੇ ਹਨ।