ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਅਕਤੂਬਰ
ਸੀਆਈਏ- 2 ਦੀ ਟੀਮ ਨੇ ਸੱਤ ਮੁਲਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਸ਼ਰ੍ਹੇਆਮ ਜੂਆ ਖੇਡਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਵਿਜੈ ਨਗਰ ਪੁਲੀ ਨੇੜੇ ਸਟਰੀਟ ਲਾਈਟ ਹੇਠੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਜੂਏਬਾਜ਼ਾਂ ਦੇ ਕਬਜ਼ੇ ’ਚੋਂ ਵੀਹ ਹਜ਼ਾਰ ਪੰਜ ਸੌ ਰੁਪਏ ਬਰਾਮਦ ਕੀਤੇ ਹਨ।
ਇਸ ਮਾਮਲੇ ਵਿੱਚ ਪੁਲੀਸ ਨੇ ਟਿੱਬਾ ਰੋਡ ਗੁਰਮੇਲ ਪਾਰਕ ਦੇ ਰਹਿਣ ਵਾਲੇ ਜੁਗਿੰਦਰ ਸਿੰਘ, ਸਚਿਨ ਵਾਸੀ ਹਰਚਰਨ ਨਗਰ, ਬੇਅੰਤ ਸਿੰਘ ਵਾਸੀ ਹਰਚਰਨ ਨਗਰ, ਗੁਰਦੇਵ ਸਿੰਘ ਵਾਸੀ ਟਿੱਬਾ ਰੋਡ ਗੀਤਾ ਨਗਰ, ਹਰਜਿੰਦਰ ਕੁਮਾਰ, ਮੁਹੱਲਾ ਜਗਦੀਸ਼ਪੁਰਾ ਦੇ ਰਹਿਣ ਵਾਲੇ ਰਾਮ ਕੁਮਾਰ ਅਤੇ ਵਿਜੇ ਕੁਮਾਰ ਵਾਸੀ ਗੀਤਾ ਨਗਰ ਖ਼ਿਲਾਫ਼ ਜੂਆ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਾਰੇ ਮੁਲਜ਼ਮ ਸਟਰੀਟ ਲਾਈਟ ਦੇ ਹੇਠਾਂ ਸ਼ਰ੍ਹੇਆਮ ਜੂਆ ਖੇਡ ਰਹੇ ਸਨ। ਕਿਸੇ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਸੀ.ਆਈ.ਏ.- 2 ਦੀ ਟੀਮ ਨੇ ਤੁਰੰਤ ਛਾਪਾ ਮਾਰ ਕੇ ਸਾਰਿਆਂ ਨੂੰ ਜੂਆ ਖੇਡਦੇ ਹੋਏ ਕਾਬੂ ਕਰ ਲਿਆ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਵੀਹ ਹਜ਼ਾਰ ਪੰਜ ਸੌ ਰੁਪਏ ਵੀ ਬਰਾਮਦ ਕੀਤੇ। ਪੁਲੀਸ ਅਨੁਸਾਰ ਸਾਰੇ ਮੁਲਜ਼ਮ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਸ਼ਰ੍ਹੇਆਮ ਪੈਸੇ ਲਗਾ ਕੇ ਜੂਆ ਖੇਡ ਰਹੇ ਸਨ ਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਧਮਕੀਆਂ ਵੀ ਦਿੰਦੇ ਸਨ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਇਸੇ ਤਰ੍ਹਾਂ ਵੱਖਰੇ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਦੜਾ-ਸੱਟਾ ਲਗਾਉਣ ਦੇ ਦੋਸ਼ ਤਹਿਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਈਸਟਮੈਨ ਚੌਕ ’ਚ ਮੌਜੂਦ ਸੀ ਤਾਂ ਸੁਨੀਲ ਕੁਮਾਰ ਵਾਸੀ ਗਿਆਸਪੁਰਾ ਨੂੰ ਨੇੜੇ ਕਮਲ ਕਰਿਆਨਾ ਸਟੋਰ ਸੂਆ ਰੋਡ ’ਤੇ ਸੱਟਾ ਲਗਵਾਉਂਦਿਆਂ ਕਾਬੂ ਕਰ ਕੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।