ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਮਈ
ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੇ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਅਤੇ ਖੋਜ ਕੇਂਦਰ ਦੇ ਸੱਤ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਡਿਗਰੀ ਵੰਡ ਸਮਾਰੋਹ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ। ਕਾਲਜ ਵਿੱਚ 2010 ਵਿੱਚ ਸ਼ੁਰੂ ਹੋਏ ਪੀਐਚਡੀ ਹਿੰਦੀ ਖੋਜ ਕੇਂਦਰ ਵਿੱਚ ਇਸ ਸਾਲ ਦੇ ਡਿਗਰੀ ਵੰਡ ਸਮਾਰੋਹ ਵਿੱਚ ਸਭ ਤੋਂ ਵੱਧ ਖੋਜਾਰਥੀਆਂ ਨੇ ਡਿਗਰੀਆਂ ਹਾਸਲ ਕੀਤੀਆਂ। ਇਸੇ ਕਾਲਜ ਦੇ ਹਿੰਦੀ ਵਿਭਾਗ ਵਿੱਚ ਪੜ੍ਹਾ ਰਹੀ ਖੋਜਾਰਥੀ ਡਾ. ਸੋਨਦੀਪ ਨੇ ਕਿਹਾ ਕਿ ਹਿੰਦੀ ਵਿਭਾਗ ਦੇ ਅਧਿਆਪਕਾਂ ਨੇ ਸੁਫ਼ਨੇ ਵੀ ਦਿਖਾਏ ਤੇ ਉਨ੍ਹਾਂ ਨੂੰ ਪੂਰਾ ਵੀ ਕੀਤਾ। ਇਨ੍ਹਾਂ ਤੋਂ ਇਲਾਵਾ ਸੇਵਾਮੁਕਤ ਪ੍ਰੋਫੈਸਰ ਡਾ. ਮੁਕੇਸ਼ ਕੁਮਾਰ ਅਰੋੜਾ, ਡਾ. ਹਰਦੀਪ ਸਿੰਘ ਅਤੇ ਡਾ. ਰਜਿੰਦਰ ਜੈਨ ਦੀ ਅਗਵਾਈ ਹੇਠ ਡਾ. ਰਮੇਸ਼ ਕੁਮਾਰ, ਡਾ. ਹਰਪ੍ਰੀਤ ਕੌਰ, ਡਾ. ਮੋਨਿਕਾ ਧੁੱਲਾ, ਡਾ. ਰਾਜਪਾਲ, ਡਾ. ਸੁਮਨ ਅਤੇ ਡਾ. ਮਨੀਸ਼ਾ ਨੇ ਕ੍ਰਮਵਾਰ ਆਪਣੀ ਪੀਐਚਡੀ ਪੂਰੀ ਕੀਤੀ।
ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਪਰਦੀਪ ਸਿੰਘ ਵਾਲੀਆ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਹਿੰਦੀ ਵਿਭਾਗ ਨੂੰ ਵਧਾਈ ਦਿੱਤੀ। ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਨਿਸ਼ੀ ਅਰੋੜਾ ਨੇ ਖੋਜਾਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਿੰਦੀ ਵਿਭਾਗ ਦੇ ਵਿਦਿਆਰਥੀਆਂ ਨੇ ਕਾਲਜ ਦੇ ਇਤਿਹਾਸ ਵਿੱਚ ਮੱਲਾਂ ਮਾਰੀਆਂ ਹਨ। ਵਿਭਾਗ ਦੇ ਪ੍ਰੋਫ਼ੈਸਰ ਡਾ. ਸੌਰਭ ਕੁਮਾਰ ਨੇ ਦੱਸਿਆ ਕਿ ਇਹ ਕਾਲਜ ਪੰਜਾਬ ਰਾਜ ਦਾ ਪਹਿਲਾ ਸਰਕਾਰੀ ਕਾਲਜ ਬਣਿਆ ਸੀ ਜਿੱਥੇ ਪੀਐਚਡੀ ਕੀਤੀ ਜਾ ਸਕੇ।