ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਅਕਤੂਬਰ
ਚਾਰ ਹਥਿਆਰਬੰਦ ਲੁਟੇਰਿਆਂ ਵੱਲੋਂ ਫਾਰਚੂਨਰ ਕਾਰ ਸਵਾਰਾਂ ਨੂੰ ਰੋਕ ਕੇ ਸੱਤ ਲੱਖ ਦੀ ਨਕਦੀ ਲੁੱਟਣ ਦੇ ਮਾਮਲੇ ਵਿੱਚ ਇਥੋਂ ਦੀ ਪੁਲੀਸ ਨੇ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਇੱਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਦਰੇਸੀ ਦੀ ਪੁਲੀਸ ਨੂੰ ਸੈਂਟਰਲ ਟਾਊਨ ਜਲੰਧਰ ਵਾਸੀ ਅਜੈ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਫਾਰਚੂਨਰ ਗੱਡੀ ’ਤੇ ਡਰਾਈਵਰ ਰਾਜ ਕੁਮਾਰ ਤੇ ਦੋਸਤਾਂ ਸਮੇਤ ਜਲੰਧਰ ਜਾ ਰਿਹਾ ਸੀ। ਇਸ ਦੌਰਾਨ ਸ਼ਿਵਪੁਰੀ ਪੁਲ ’ਤੇ ਇੱਕ ਕਰੇਟਾ ਕਾਰ ਫਾਰਚੂਨਰ ਦੇ ਅੱਗੇ ਆ ਕੇ ਰੁਕੀ। ਕਾਰ ’ਚੋਂ ਨਿਕਲੇ ਕੁਝ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਖੋਲ੍ਹ ਲਈ ਤੇ ਉਸ ਦੇ ਦੋਸਤ ਕਨਿਸ਼ਕ ਗੁਪਤਾ ਦੀ ਲਾਇਸੰਸੀ ਰਿਵਾਲਵਰ ਖੋਹ ਕੇ ਤਿੰਨ ਲੱਖ ਦੀ ਨਕਦੀ ਵਾਲਾ ਉਸ ਦਾ ਬੈਗ ਵੀ ਖੋਹ ਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਹਮਲਾਵਰਾਂ ਨੇ ਕਨਿਸ਼ਕ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ 15 ਲੱਖ ਰੁਪਏ ਦੀ ਮੰਗ ਕੀਤੀ। ਇਸ ਮਗਰੋਂ ਉਸ ਨੇ ਆਪਣੇ ਦੋਸਤ ਹਰਮੀਤ ਸਿੰਘ ਨੂੰ ਫੋਨ ਕਰ ਕੇ 4 ਲੱਖ ਰੁਪਏ ਮੁਲਜ਼ਮ ਦੇ ਖਾਤੇ ਵਿੱਚ ਪਾਉਣ ਲਈ ਕਿਹਾ। ਇਸ ਮਗਰੋਂ ਮੁਲਜ਼ਮ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਨਾਨੂੰ ਵਾਸੀ ਜੱਟਾਂ ਵਾਲੀ ਗਲੀ ਧਰਮਪੁਰਾ, ਇਸ਼ਾਂਤ ਛੱਤਵਾਲ ਵਾਸੀ ਨਵਾਂ ਮੁੱਹਲਾ, ਦਮਨ ਖੁਰਾਣਾ ਵਾਸੀ ਸਾਹਮਣੇ ਥਾਣਾ ਡਿਵੀਜ਼ਨ ਨੰਬਰ 2 ਅਤੇ ਮਯੰਕ ਖੰਨਾ ਵਾਸੀ ਹਰਗੋਬਿੰਦ ਨਗਰ ਸਮੇਤ ਚਾਰ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਮਯੰਕ ਖੰਨਾ ਨੂੰ ਗ੍ਰਿਫ਼ਤਾਰ ਕੀਤਾ ਹੈ।