ਗੁਰਿੰਦਰ ਸਿੰਘ
ਲੁਧਿਆਣਾ, 12 ਅਕਤੂਬਰ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸੱਤ ਮੋਬਾਈਲ ਫੋਨ, ਐਕਟਿਵਾ ਸਕੂਟਰ ਅਤੇ ਛੇ ਮੋਟਰਸਾਈਕਲ ਸਮੇਤ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਥਾਣਾ ਲਾਡੂਵਾਲ ਦੇ ਥਾਣੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਹੰਬੜਾਂ ਚੌਕ ’ਤੇ ਰਾਜਵਿੰਦਰ ਸਿੰਘ ਵਾਸੀ ਪਿੰਡ ਚੰਗਣ ਅਤੇ ਭੀਮ ਪਾਸਵਾਨ ਵਾਸੀ ਫੈਕਟਰੀ ਰਿਸ਼ੀ ਨਗਰ ਹੰਬੜਾ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਕੋਲੋਂ ਛੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਤਫ਼ਤੀਸ਼ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 3 ਹੋਰ ਮੋਟਰਸਾਈਕਲ ਵੀ ਜ਼ਬਤ ਕੀਤੇ ਗਏ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਡਿਸਪੋਜ਼ਲ ਚੌਕ ਫੇਸ-5 ਫੋਕਲ ਪੁਆਇੰਟ ਕੋਲ ਮੰਗਾ ਸਿੰਘ ਵਾਸੀ ਜੀਵਨ ਨਗਰ, ਮੰਟੂ ਕੁਮਾਰ ਵਾਸੀ ਹੈਪੀ ਕਲੋਨੀ ਰਾਮ ਨਗਰ, ਵਿਕਾਸ ਕੁਮਾਰ ਵਾਸੀ ਜੀਵਨ ਨਗਰ, ਸੰਦੀਪ ਕੁਮਾਰ ਵਾਸੀ ਜੀਵਨ ਨਗਰ ਤੇ ਦੇਵ ਕੁਮਾਰ ਵਾਸੀ ਰਾਜੀਵ ਗਾਂਧੀ ਕਲੋਨੀ ਬੇਅਬਾਦ ਖਾਲੀ ਪਲਾਟ ’ਚ ਬੈਠ ਕੇ ਏਟੀਐੱਮ ਲੁੱਟਣ ਦੀ ਦਿਆਰੀ ਕਰਦਿਆਂ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਐਕਟਿਵਾ ਸਕੂਟਰ, ਦੋ ਮੋਟਰਸਾਈਕਲ, ਮੋਬਾਈਲ ਫੋਨ, ਖਿਡੌਣਾ ਪਿਸਤੌਲ, ਕਮਾਨੀਦਾਰ ਚਾਕੂ, ਦੋ ਦਾਹ ਲੋਹਾ ਤੇ ਇੱਕ ਲੋਹੇ ਦੀ ਰਾਡ ਬਰਾਮਦ ਹੋਈ ਹੈ।