ਪੱਤਰ ਪ੍ਰੇਰਕ
ਰਾਏਕੋਟ, 22 ਅਕਤੂਬਰ
ਸਰਕਾਰੀ ਵਿਭਾਗਾਂ ’ਚ ਆਪਸੀ ਤਾਲਮੇਲ ਦੀ ਕਮੀ ਕਾਰਨ ਕਿਸ ਤਰ੍ਹਾਂ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਖੋਰਾ ਲੱਗ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਰਾਏਕੋਟ ਵਿੱਚ ਮਾਲੇਰਕੋਟਲਾ ਰੋਡ (ਸਾਹਮਣੇ ਅਨਾਜ ਮੰਡੀ) ’ਤੇ ਚੱਲ ਰਹੇ ਸੀਵਰੇਜ ਦੇ ਕੰਮ ਤੋਂ ਮਿਲਦੀ ਹੈ। ਪੰਜਾਬ ਰਾਜ ਸੀਵਰੇਜ ਬੋਰਡ ਵੱਲੋਂ ਇੱਥੇ ਸੜਕ ਕੰਢੇ ਸੀਵਰੇਜ ਦੀ ਪਾਈਪ ਪਾਉਣ ਕੰਮ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ, ਪਰ ਜਿਸ ਥਾਂ ’ਤੇ ਇਹ ਪਾਈਪ ਦੱਬੇ ਜਾ ਰਹੇ ਹਨ, ਉਸ ਜਗ੍ਹਾ ’ਤੇ ਲਗਪਗ ਦੋ ਮਹੀਨੇ ਪਹਿਲਾਂ ਹੀ ਲੋਕ ਨਿਰਮਾਣ ਵਿਭਾਗ ਵੱਲੋਂ ਲੱਖਾਂ ਦੀ ਲਾਗਤ ਨਾਲ ਸੜਕ ਦੀ ਉਸਾਰੀ ਕਰਨ ਤੋਂ ਬਾਅਦ ਸੜਕ ਨੂੰ ਹੋਰ ਮਜ਼ਬੂਤੀ ਦੇਣ ਲਈ ਸੜਕ ਦੇ ਦੋਨੇ ਕਿਨਾਰਿਆਂ ’ਤ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਪਾਸੇ ਦੀਆਂ ਟਾਈਲਾਂ ਨੂੰ ਪੁੱਟ ਕੇ ਹੁਣ ਸੀਵਰੇਜ ਬੋਰਡ ਵਲੋਂ ਪਾਈਪ ਲਾਈਨ ਵਿਛਾਈ ਜਾ ਰਹੀ ਹੈ।
ਸ਼ਹਿਰ ਵਾਸੀ ਇਸ ਗੱਲ ’ਤੇ ਹੈਰਾਨੀ ਹਨ ਕਿ ਵਿਭਾਗ ਨੂੰ ਸੀਵਰੇਜ ਦੀ ਪਾਈਪ ਲਾਈਨ ਵਿਛਾਉਣ ਦੀ ਯਾਦ ਉਸ ਸਮੇਂ ਆਈ ਹੈ, ਜਦੋਂ ਨਵ ਉਸਾਰੀ ਸੜਕ ਦੇ ਦੋਵੇਂ ਪਾਸੇ ਇੰਟਰਲਾਕਿੰਗ ਟਾਈਲਾਂ ਦਾ ਕੰਮ ਵੀ ਮੁਕੰਮਲ ਹੋ ਗਿਆ। ਇਸ ਸਬੰਧੀ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਆਪੋ-ਆਪਣੀਆਂ ਦਲੀਲਾਂ ਹਨ।
ਸੀਵਰੇਜ ਬੋਰਡ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਟਾਈਲਾਂ ਨੂੰ ਪੂਰੀ ਸੰਭਾਲ ਨਾਲ ਰੱਖ ਰਹੇ ਹਨ ਅਤੇ ਪਾਈਪ ਲਾਈਨ ਵਿਛਾਉਣ ਤੋਂ ਬਾਅਦ ਮੁੜ ਲਗਵਾ ਦਿੱਤੀਆਂ ਜਾਣਗੀਆਂ। ਜਦਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਬੇਸ਼ੱਕ ਸੀਵਰੇਜ ਬੋਰਡ ਵਲੋਂ ਇਸ ਸਬੰਧੀ ਵਿਭਾਗ ਤੋਂ ਐਨਓਸੀ ਲਈ ਗਈ ਹੈ, ਪਰ ਇਸ ਵਿੱਚ ਇੰਟਰਲਾਕਿੰਗ ਟਾਈਲਾਂ ਪੁੱਟਣ ਦਾ ਜ਼ਿਕਰ ਕਿਧਰੇ ਵੀ ਨਹੀਂ ਹੈ। ਵਿਭਾਗਾਂ ਦੇ ਅਧਿਕਾਰੀ ਚਾਹੇ ਜੋ ਵੀ ਦਲੀਲ ਦੇਣ, ਪਰ ਵਿਭਾਗਾਂ ਦੀ ਆਪਸੀ ਤਾਲਮੇਲ ਦੀ ਘਾਟ ਕਾਰਨ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ।