ਜੋਗਿੰਦਰ ਸਿੰਘ ਓਬਰਾਏ
ਖੰਨਾ, 16 ਜੁਲਾਈ
ਕਾਂਗਰਸ ਪਾਰਟੀ ਵੱਲੋਂ ਲਗਾਤਾਰ ਖੰਨਾ ਸ਼ਹਿਰ ਵਿਚ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪਹਿਲੀ ਬਾਰਿਸ਼ ਨੇ ਹੀ ਇਨ੍ਹਾਂ ਦਾਅਵਿਆਂ ਦੀ ਪੋਲ੍ਹ ਖੋਲ੍ਹ ਦਿੱਤੀ ਹੈ। ਸਭ ਤੋਂ ਮਾੜਾ ਹਾਲ ਇਥੋਂ ਦੇ ਲਾਈਨੋਂ ਪਾਰ ਇਲਾਕੇ ਦਾ ਹੈ, ਜਿੱਥੇ ਸੀਵਰੇਜ ਤੇ ਵਾਟਰ ਸਪਲਾਈ ਦੀਆਂ ਪਾਈਪਾਂ ਦੇ ਕੰਮ ਦੀ ਢਿੱਲੀ ਰਫ਼ਤਾਰ ਕਾਰਨ ਇਲਾਕੇ ਦੇ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਇਲਾਕੇ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋ ਰਹੇ ਹਨ। ਗਲੀਆਂ ਵਿਚ ਥਾਂ ਥਾਂ ਪਏ ਡੂੰਘੇ ਟੋਇਆ ਕਾਰਨ ਬਹੁਤ ਬੱਚੇ ਅਤੇ ਬਜ਼ੁਰਗ ਹੁਣ ਤੱਕ ਜ਼ਖਮੀ ਹੋ ਗਏ ਹਨ। ਟੁੱਟੀਆਂ ਗਲੀਆਂ ਕਾਰਨ ਲੋਕ ਆਪਣੇ ਘਰਾਂ ਤੱਕ ਗੱਡੀਆਂ ਨਹੀਂ ਪਹੁੰਚਾ ਸਕਦੇ ਅਤੇ ਬਾਰਿਸ਼ ਦੇ ਦਿਨਾਂ ਵਿਚ ਚਿੱਕੜ ਕਾਰਨ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਇਮਾਨਦਾਰ ਅਧਿਕਾਰੀਆਂ ਦੀ ਟੀਮ ਭੇਜ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਲੋਕਾਂ ਨੂੰ ਜਲਦ ਤੋਂ ਜਲਦ ਇਸ ਨਰਕ ਤੋਂ ਰਾਹਤ ਦਿਵਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਬੰਧੀ ਜਲਦ ਕੋਈ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਆਰੰਭਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਸਿਰ ਹੋਵੇਗੀ। ਇਸ ਮੌਕੇ ਦੁਖੀ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ ਇਸ ਮੌਕੇ ਭਿੰਦਰ ਸਿੰਘ, ਸਤਨਾਮ ਸਿੰਘ, ਤੇਜਿੰਦਰ ਸਿੰਘ, ਮੋਹਿਤ ਗੋਇਲ, ਦੀਦਾਰ ਸਿੰਘ, ਗੁਲਸ਼ਨ ਕੁਮਾਰ, ਸਿਮਰਨਪ੍ਰੀਤ ਸਿੰਘ, ਮਨਜੀਤ ਸਿੰਘ, ਸੁਖਮਿੰਦਰ ਸਿੰਘ, ਹਰਮਨ ਸਿੰਘ, ਮੁਖਤਿਆਰ ਸਿੰਘ, ਰਾਜੇਸ਼ ਵਸ਼ਿਸ਼ਟ, ਰਾਹੁਲ ਵਰਮਾ ਆਦਿ ਹਾਜ਼ਰ ਸਨ।