ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 14 ਅਗਸਤ
ਜਗਰਾਉਂ-ਰਾਏਕੋਟ ਮਾਰਗ ’ਤੇ ਚੁੰਗੀ ਨੰਬਰ-5 ਦੇ ਬਿਲਕੁਲ ਨਾਲ ਕਰੀਬ 20 ਵਰ੍ਹੇ ਪਹਿਲਾਂ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਕਮਿਊਨਿਟੀ ਹਾਲ ਬਣਾਇਆ ਗਿਆ ਸੀ। ਇਸਦਾ ਨਿਰਮਾਣ ਲੋੜਵੰਦ ਪਰਿਵਾਰਾਂ ਵੱਲੋਂ ਕੀਤੇ ਜਾਂਦੇ ਸਮਾਗਮਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ। ਸ਼ਹੀਦ ਭਗਤ ਸਿੰਘ ਕਮਿਊਨਿਟੀ ਹਾਲ ਦੀ ਸਾਂਭ-ਸੰਭਾਲ ਦਾ ਜ਼ਿੰਮਾ ਨਗਰ ਕੌਂਸਲ ਕੋਲ ਸੀ ਪਰ ਤ੍ਰਾਸਦੀ ਇਹ ਰਹੀ ਕਿ ਕੁਝ ਸਮਾਂ ਨਗਰ ਕੌਂਸਲ ਇਸਦੀ ਦੇਖ਼ਭਾਲ ਕਰਦੀ ਰਹੀ ਫਿਰ ਹੌਲੀ-ਹੌਲੀ ਪਿੱਛੇ ਇਸ ਦੀ ਸਾਂਭ ਸੰਭਾਲ ਦੇ ਕੰਮ ਤੋਂ ਪਿੱਛ ਹਟਣ ਲੱਗੀ ਤੇ ਇਸ ਯਾਦਗਾਰੀ ਹਾਲ ਨੂੰ ਮੈਰਿਜ ਪੈਲੇਸ ਵਿੱਚ ਤਬਦੀਲ ਕਰ ਠੇਕੇ ’ਤੇ ਦੇ ਦਿੱਤਾ ਗਿਆ ਜਿਸਦਾ ਕਿ ਲੋਕਾਂ ਵੱਲੋਂ ਕਾਫੀ ਵਿਰੋਧ ਕੀਤਾ ਗਿਆ ਸੀ। ਨਗਰ ਕੌਂਸਲ ਨੇ ਹੱਥ ਉਦੋਂ ਪਿੱਛੇ ਖਿੱਚਿਆ ਜਦੋਂ ਠੇਕੇਦਾਰ ਨੇ ਹਾਲ ਦੇ ਵਿਹੜੇ ਵਿੱਚ ਖੜ੍ਹੇ ਸਾਰੇ ਦਰੱਖ਼ਤ ਵੇਚ ਦਿੱਤੇ। ਲੋਕਾਂ ਨੇ ਦਰੱਖ਼ਤ ਪੁੱਟਣ ਦਾ ਮਾਮਲਾ ਵੀ ਉਠਾਇਆ। ਆਖਰ ਨਗਰ ਕੌਂਸਲ ਨੇ ਇਸ ਨੂੰ ਤਾਲਾ ਹੀ ਮਾਰ ਦਿੱਤਾ। ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਕਮਿਊਨਿਟੀ ਹਾਲ ਬਣਾਉਣ ਵਾਲੀ ਕੌਂਸਲ ਦੀ ਵੱਡੀ ਨਲਾਇਕੀ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਕਮਿਊਨਿਟੀ ਹਾਲ ਦੇ ਦੋਵਾਂ ਗੇਟਾਂ ਦੇ ਬਾਹਰ ਕੂੜੇ ਦੇ ਡੰਪ ਬਣਾ ਦਿੱਤੇ ਗਏ। ਇਨ੍ਹਾਂ ਡੰਪਾਂ ਨੂੰ ਚੁਕਾਉਣ ਲਈ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ ਭਾਈਵਾਲ ਸੰਸਥਾਵਾਂ ਦੇ ਸਹਿਯੋਗ ਨਾਲ ਲੰਬਾ ਸਘੰਰਸ਼ ਅਰੰਭਿਆ ਤੇ ਡੰਪ ਚੁਕਵਾਏ। ਹੁਣ ਹਾਲ ਸਮੇਤ ਸਮੁੱਚੀ ਬਿਲਡਿੰਗ ਦੀ ਹਾਲਤ ਖਸਤਾ ਹੋ ਚੁੱਕੀ ਹੈ। ਇਹ ਨਸ਼ੇੜੀਏ, ਜੂਏ ਬਾਜ਼ਾਂ ਦਾ ਅੱਡਾ ਬਣ ਗਿਆ ਹੈ। ਹੁਣ ਜਦੋਂ ਕਰੀਬ ਦੋ ਵਰ੍ਹੇ ਪਹਿਲਾਂ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਯਾਦ ਵਿੱਚ ਉਸਾਰੇ ਜਾਣ ਵਾਲੇ ਭਵਨ ਲਈ ਐਲਾਨੀ 1.57 ਕਰੋੜ ਦੀ ਰਾਸ਼ੀ ਸੂਬਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਤਾਂ ਜਗਰਾਉਂ ਦੇ ਲੋਕਾਂ ਨੂੰ ਇੱਕ ਵਾਰ ਫਿਰ ਨਗਰ ਕੌਂਸਲ ਦੀ ਨਲਾਇਕੀ ਕਾਰਨ ਖੰਡਰ ਬਣੇ ਸ਼ਹੀਦ ਭਗਤ ਸਿੰਘ ਕਮਿਊਨਿਟੀ ਹਾਲ ਦੀ ਯਾਦ ਆ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪਹਿਲਾਂ ਬਣੇ ਹਾਲ ਨੂੰ ਨਗਰ ਕੌਂਸਲ ਨਹੀਂ ਸੰਭਾਲ ਸਕੀ ਹੁਣ ਕਿੱਥੋਂ ਸੰਭਾਲੇਗੀ। ਇਨ੍ਹਾਂ ਯਾਦਗਾਰਾਂ ਨੂੰ ਸੰਭਾਲਣ ਲਈ ਸਰਕਾਰ ਨੂੰ ਵੱਖਰਾ ਸੈੱਲ ਕਾਇਮ ਕਰਨਾ ਚਾਹੀਦਾ ਹੈ। ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਆਖਿਆ ਕਿ ਲਾਲਾ ਲਾਜਪਤ ਰਾਏ ਦੀ ਯਾਦ ’ਚ ਰਾਏਕੋਟ ਰੋਡ ’ਤੇ ਹੀ ਭਵਨ ਉਸਾਰਿਆ ਜਾਵੇਗਾ। ਕਮਿਊਨਿਟੀ ਹਾਲ ਬਾਰੇ ਉਨ੍ਹਾਂ ਆਖਿਆ ਕਿ ਜਲਦੀ ਇਸਦੀ ਦਸ਼ਾ ਸੁਧਾਰੀ ਜਾਵੇਗੀ। ਲੋਕਾਂ ਦੀ ਸਹੂਲਤ ਲਈ ਖੋਲ੍ਹਿਆ ਜਾਵੇਗਾ।