ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਅਗਸਤ
ਪਿੰਡ ਚਕਰ ਦਾ ਨਾਂ ਪਿੰਡ ਦੀ ਸ਼ਿਵੰਦਰ ਕੌਰ ਸਿੱਧੂ ਨੇ ਕੈਨੇਡਾ ਵਿੱਚ ਰੁਸ਼ਨਾਇਆ ਹੈ। ਵਿਨੀਪੈੱਗ (ਕੈਨੇਡਾ) ਵਿੱਚ ਹਾਲ ਹੀ ਖ਼ਤਮ ਹੋਈਆਂ ਵਿਸ਼ਵ ਪੁਲੀਸ ਖੇਡਾਂ ’ਚ ਸ਼ਿਵੰਦਰ ਨੇ ਮੁੱਕੇਬਾਜ਼ੀ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ‘ਵਰਲਡ ਪੁਲੀਸ ਐਂਡ ਫਾਇਰ ਗੇਮਜ਼-2023’ ’ਚੋਂ ਸੋਨੇ ਦਾ ਤਗ਼ਮਾ ਜਿੱਤ ਕੇ ਪਰਤੀ ਸ਼ਿਵੰਦਰ ਕੌਰ ਸਿੱਧੂ ਦਾ ਅੱਜ ਪਿੰਡ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪਿੰਡ ਦੀ ਨਵੀਂ ਤੇ ਪੁਰਾਣੀ ਪੰਚਾਇਤ ਨੇ ਮੋਹਤਬਰਾਂ ਨਾਲ ਸਾਂਝੇ ਤੌਰ ’ਤੇ ਸਵਾਗਤੀ ਸਮਾਗਮ ਕਰਵਾਇਆ। ਸਰਪੰਚ ਬੂਟਾ ਸਿੰਘ ਨੇ ਬੁਕੇ ਦੇ ਕੇ ਸ਼ਿਵੰਦਰ ਕੌਰ ਨੂੰ ਜੀ ਆਇਆਂ ਕਿਹਾ। ਪੰਜਾਬ ਸਪੋਰਟਸ ਅਕੈਡਮੀ ਦੇ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਸ਼ਿਵੰਦਰ ਕੌਰ ਨੇ ਪਿੰਡ ਦੇ ਨਾਲ ਪੰਜਾਬ ਪੁਲੀਸ ਦਾ ਨਾਂ ਵੀ ਰੁਸ਼ਨਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪਿੰਡ ਚਕਰ ਨੂੰ ਪਰਵਸੀ ਪੰਜਾਬੀਆਂ ਵਲੋਂ ਝੀਲਾਂ, ਪਾਰਕਾਂ ਤੇ ਨਮੂਨੇ ਦੀਆਂ ਗਲੀਆਂ ਨਾਲੀਆਂ ਨਾਲ ਬਣਾਏ ਮਾਡਲ ਪਿੰਡ ਕਰਕੇ ਚੁਫੇਰੇ ਚਰਚਾ ਸੀ। ਹੁਣ ਖੇਡਾਂ, ਖਾਸਕਰ ਮੁੱਕੇਬਾਜ਼ੀ ਵਿੱਚ ਵੀ ਇਸ ਪਿੰਡ ਨੇ ਆਲਮੀ ਪੱਧਰ ’ਤੇ ਮੱਲਾਂ ਮਾਰੀਆਂ ਹਨ। ਸ਼ਿਵੰਦਰ ਕੌਰ ਦਾ ਵੱਡੇ ਕਾਫ਼ਲੇ ਦੇ ਰੂਪ ’ਚ ਖੁੱਲ੍ਹੀ ਜੀਪ ਵਿੱਚ ਪਿੰਡ ਦਾ ਗੇੜਾ ਲਗਵਾਇਆ ਗਿਆ। ਢੋਲ ਦੀ ਥਾਪ ਨੇ ਮਾਹੌਲ ਨੂੰ ਹੋਰ ਵੀ ਜੋਸ਼ੀਲਾ ਬਣਾ ਦਿੱਤਾ। ਸਾਰੇ ਕਾਫ਼ਲੇ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਪਿੰਡ ਦੀ ਇਸ ਪ੍ਰਾਪਤੀ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਸ਼ਿਵੰਦਰ ਕੌਰ ਨੇ ਵੀ ਆਪਣੇ ਖੇਡ ਤਜਰਬੇ ਸਾਂਝੇ ਕਰਦਿਆਂ ਅਜਮੇਰ ਸਿੰਘ ਸਿੱਧੂ ਨੂੰ ਯਾਦ ਕੀਤਾ।