ਨਿੱਜੀ ਪੱਤਰ ਪ੍ਰੇਰਕ
ਖੰਨਾ, 17 ਸਤੰਬਰ
ਰਾਈਸ ਸ਼ੈਲਰ ਐਸੋਸ਼ੀਏਸ਼ਨ ਦੀ ਨਵੀਂ ਕਾਰਜਕਾਰਨੀ ਦੀ ਚੋਣ ਉਪਰੰਤ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸ਼ੈਲਰ ਮਾਲਕਾਂ ਨੇ ਗੁਰਦਿਆਲ ਦਿਆਲੀ ਦੀ ਪ੍ਰਧਾਨਗੀ ਹੇਠਾਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਸ਼ੈਲਰ ਮਾਲਕਾਂ ਨੇ ਆਪਣੀ ਚਿੰਤਾ ਪ੍ਰਗਟ ਕਰਦਿਆਂ ਵਿਧਾਇਕ ਅੱਗੇ 5 ਮੰਗਾਂ ਰੱਖੀਆਂ। ਉਨ੍ਹਾਂ ਕਿਹਾ ਕਿ ਸੀਜ਼ਨ ਦੌਰਾਨ ਗੁਦਾਮ ਵਿਚ ਚੌਲਾਂ ਦੀ ਢੇਰੀ ਕਰਨਾ ਠੇਕੇਦਾਰ ਦੀ ਜ਼ਿੰਮੇਵਾਰੀ ਹੈ, ਪਰ ਠੇਕੇਦਾਰ ਲੇਬਰ ਨੂੰ ਕੁਝ ਨਹੀਂ ਦਿੰਦਾ ਤੇ ਇਸ ਦਾ ਬੋਝ ਸ਼ੈਲਰ ਮਾਲਕਾਂ ਨੂੰ ਝੱਲਣਾ ਪੈਂਦਾ ਹੈ। ਮੰਡੀ ਵਿਚ ਝੋਨੇ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਤਾਂ 20-25 ਦਿਨਾਂ ਵਿਚ ਸਾਰੀ ਫਸਲ ਆ ਜਾਂਦੀ ਹੈ ਜਿਸ ਕਾਰਨ ਸਰਕਾਰ ਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਟਰਾਂਸਪੋਰਟ ਤੇ ਠੇਕੇਦਾਰਾਂ ਕੋਲ ਇੰਨੇ ਪ੍ਰਬੰਧ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਸ਼ੈਲਰਾਂ ਦਾ ਕੰਮ ਪੂਰਾ ਸਾਲ ਚੱਲਣ ਕਾਰਨ ਅਲਾਟਮੈਂਟ ਵਿਚ ਕੋਈ ਅੜਿੱਕਾ ਨਾ ਪਾਇਆ ਜਾਵੇ, ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਆਦਿ। ਵਿਧਾਇਕ ਸੌਂਦ ਨੇ ਸਮੱਸਿਆਵਾਂ ਸੁਣਦਿਆਂ ਕਿਹਾ ਕਿ ਕਣਕ ਦੇ ਸੀਜ਼ਨ ਵਾਂਗ ਇਸ ਵਾਰ ਝੋਨੇ ਦਾ ਸੀਜ਼ਨ ਵੀ ਚੰਗਾ ਰਹੇਗਾ, ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੀਆਂ ਸਮੱਸਿਆਵਾਂ ਸਬੰਧੀ ਜਲਦ ਐਸੋਸੀਏਸ਼ਨ ਦੇ ਸਬੰਧਤ ਅਹੁਦੇਦਾਰਾਂ ਨੂੰ ਨਾਲ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ।