ਪੱਤਰ ਪ੍ਰੇਰਕ
ਪਾਇਲ, 20 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਪਾਇਲ ਦੇ ਨਵੇਂ ਚੁਣੇ ਗਏ ਸਰਪੰਚਾਂ ਤੇ ਪੰਚਾਂ ਦੇ ਸਨਮਾਨ ਲਈ ਗੁਰਦੁਆਰਾ ਨਿੰਮਸਰ ਸਾਹਿਬ ਘੁਡਾਣੀ ਕਲਾਂ ਵਿੱਚ ਵਿਸ਼ਾਲ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਜਨਰਲ ਸਕੱਤਰ ਇੰਜਨੀਅਰ ਜਗਦੇਵ ਸਿੰਘ ਬੋਪਾਰਾਏ, ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ, ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਲਾਪਰਾਂ, ਜਥੇਦਾਰ ਸ਼ਿਵਰਾਜ ਸਿੰਘ ਜੱਲ੍ਹਾ, ਜਥੇਦਾਰ ਪ੍ਰਿਤਪਾਲ ਸਿੰਘ ਝੰਮਟ ਨੇ ਨਵੀਂਆਂ ਬਣੀਆਂ ਪੰਚਾਇਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮਾਂ ਆਉਣ ਤੇ ‘ਆਪ’ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਦਾ ਡੱਟ ਕੇ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਗਾਮੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਲਈ ਹੁਣ ਤੋਂ ਹੀ ਕਮਰਕੱਸੇ ਕੱਸ ਲੈਣੇ ਚਾਹੀਦੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਇੰਜਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਰੱਜ ਕੇ ਨਸ਼ੇ ਤੇ ਰੁਪਏ ਵੰਡੇ ਗਏ, ਪਰ ਫਿਰ ਵੀ ਹਲਕਾ ਪਾਇਲ ਅੰਦਰ 26 ਪੰਚਾਇਤਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਚੁਣੀਆਂ ਗਈਆਂ ਹਨ।