ਪੱਤਰ ਪ੍ਰੇਰਕ
ਸਮਰਾਲਾ, 19 ਅਕਤੂਬਰ
ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਸ਼ਹਿਰ ’ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਵਿੱਚ ਸ਼ਹਿਰ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਲਮੀਕਿ ਸਮਾਜ ਦੇ ਆਗੂ ਅਤੇ ਸ਼ਹਿਰ ਵਾਸੀ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਅਕਾਲੀ-ਬਸਪਾ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ, ਨਗਰ ਕੌਂਸਲ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਚੇਅਰਮੈਨ ਬਲਾਕ ਸੰਮਤੀ ਅਜਮੇਰ ਸਿੰਘ ਪੂਰਬਾ, ਕੌਂਸਲ ਦੇ ਸੀਨੀ. ਮੀਤ ਪ੍ਰਧਾਨ ਸਨੀ ਦੂਆ ਅਤੇ ਚੇਅਰਮੈਨ ਸੁਖਬੀਰ ਸਿੰਘ ਪੱਪੀ ਹਾਜ਼ਰ ਸਨ। ਇਸ ਮੌਕੇ ਭਗਵਾਨ ਵਾਲਮੀਕਿ ਨਾਲ ਸੰਬਧਤ ਵੱਖ-ਵੱਖ ਝਾਕੀਆਂ ਨਾਲ ਸ਼ੁਸ਼ੋਭਿਤ ਸ੍ਰੀ ਵਾਲਮੀਕਿ ਮੰਦਰ ਤੋਂ ਸ਼ੁਰੂ ਹੋਈ ਇਸ ਸ਼ੋਭਾ ਯਾਤਰਾ ਦਾ ਸ਼ਹਿਰ ਭਰ ’ਚ ਥਾਂ-ਥਾਂ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ’ਚ ਅੱਗੇ-ਅੱਗੇ ਸੁੰਦਰ ਪੌਸ਼ਾਕਾਂ ’ਚ ਸਜੇ ਵੱਖ-ਵੱਖ ਬੱਚੇ ਚੱਲ ਰਹੇ ਸਨ ਅਤੇ ਸ਼ੋਭਾ ਯਾਤਰਾ ’ਚ ਸ਼ਾਮਲ ਸਕੀਰਤਨ ਮੰਡਲੀਆਂ ਵੱਲੋਂ ਸਾਰੇ ਰਸਤੇ ਸਤਿਸੰਗ ਕੀਤਾ ਜਾ ਰਿਹਾ ਸੀ। ਧਾਰਮਿਕ ਧੁਨਾਂ ਵਜਾ ਰਹੀਆਂ ਕਈ ਬੈਂਡ ਪਾਰਟੀਆਂ, ਰੱਥ ਅਤੇ ਹੋਰ ਕਈ ਵਾਹਨ ਇਸ ਯਾਤਰਾ ਵਿੱਚ ਸ਼ਾਮਲ ਸਨ। ਇਸ ਮੌਕੇ ਭਾਵਾਧਸ ਦੇ ਪ੍ਰਧਾਨ ਪਵਨ ਸਹੋਤਾ, ਰਾਮਜੀ ਦਾਸ ਮੱਟੂ, ਸ਼ੰਕਰ ਕਲਿਆਣ, ਸੁਰੇਸ਼ ਮੱਟੂ ਹਾਜ਼ਰ ਸਨ। ਸ਼ੋਭਾ ਯਾਤਰਾ ਦੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੀ ਹੁੰਦੇ ਹੋਏ ਵਾਪਸ ਸ੍ਰੀ ਵਾਲਮੀਕਿ ਮੰਦਰ ਵਿਖੇ ਪਹੁੰਚਣ ’ਤੇ ਸ਼ੋਭਾ ਯਾਤਰਾ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ।
ਭਗਵਾਨ ਵਾਲਮੀਕਿ ਦੀ ਪਾਲਕੀ ਸੁੰਦਰ ਢੰਗ ਨਾਲ ਸਜਾਈ
ਰਾਏਕੋਟ (ਪੱਤਰ ਪ੍ਰੇਰਕ): ਆਦਿ ਧਰਮ ਸਮਾਜ (ਆਧਸ) ਵੱਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਤਹਿਤ ਅੱਜ ਮੁਹੱਲਾ ਵਾਲਮੀਕਿ ਦੇ ਨਿਵਾਸੀਆਂ ਦੇ ਸਹਿਯੋਗ ਨਾਲ ਤਹਿਸੀਲ ਪ੍ਰਧਾਨ ਧਰਮਿੰਦਰ ਅਛੂਤ ਤੇ ਸ਼ਹਿਰੀ ਪ੍ਰਧਾਨ ਰਜਿੰਦਰ ਭੀਲ ਦੀ ਅਗਵਾਈ ਹੇਠ ਪ੍ਰਭਾਤ ਫੇਰੀ ਕੱਢੀ ਗਈ। ਪ੍ਰਭਾਤ ਫੇਰੀ ਦੌਰਾਨ ਭਗਵਾਨ ਵਾਲਮੀਕਿ ਦੀ ਪਾਲਕੀ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਪ੍ਰਭਾਤ ਫੇਰੀ ਭਗਵਾਨ ਵਾਲਮੀਕਿ ਮੰਦਰ ਤੋਂ ਸ਼ੁਰੂ ਹੋਈ। ਕਾਂਗਰਸੀ ਦਫਤਰ ਅੱਗੇ ਪ੍ਰਧਾਨ ਸੁਦਰਸ਼ਨ ਜੋਸ਼ੀ, ਸੁਖਪਾਲ ਸਿੰਘ ਗੋਂਦਵਾਲ, ਬਲਜੀਤ ਸਿੰਘ, ਸਮੂਹ ਕੌਂਸਲਰ ਰਾਏਕੋਟ ਨੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ।