ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 22 ਮਈ
ਦਾਣਾ ਮੰਡੀ ਜਗਰਾਉਂ ’ਚ 15 ਮਈ ਨੂੰ ਵਾਪਰੇ ਗੋਲੀ ਕਾਂਡ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ਦੇ ਪੁਲੀਸ ਵੱਲੋਂ ਦੋ ਔਰਤਾਂ ਸਮੇਤ 6 ਹਿਰਾਸਤ ’ਚ ਲਏ ਮੁਲਜ਼ਮਾਂ ਨੇ ਰਿਮਾਂਡ ਦੌਰਾਨ ਅਹਿਮ ਖੁਲਾਸੇ ਕਰਨ ਦਾ ਪਤਾ ਲੱਗਿਆ ਹੈ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ 6 ਮੁਲਜ਼ਮਾਂ ਕੋਲੋਂ ਬਰਾਮਦ ਹੋਏ ਅਸਲੇ ਅਤੇ ਜਾਅਲੀ ਆਰਸੀਜ਼ ਬਾਰੇ ਅਹਿਮ ਖੁਲਾਸੇ ਹੋਏ ਹਨ। ਮੁਲਜ਼ਮ ਦਰਸ਼ਨ ਸਿੰਘ ਦੇ ਦੋਸਤ ਗਗਨਦੀਪ ਸਹੌਲੀ, ਜਸਪ੍ਰੀਤ ਅੱਬੂਵਾਲ ਜੋ ਕਿ ਜਗਰਾਉਂ ਦੇ ਆਤਮ ਨਗਰ ’ਚ ਰਹਿੰਦਾ ਸੀ ਤੇ ਇੱਥੇ ਮੁੱਖ ਮਾਰਗ ’ਤੇ ਕੌਫੀ ਕੈਫੇ ਚਲਾਉਂਦਾ ਹੈ। ਆਪਣੇ ਸਾਥੀ ਨਾਨਕ ਚੰਦ ਸਿੰਘ ਸਹੌਲੀ, ਦਰਸ਼ਨ ਦੀ ਪਤਨੀ ਸਤਪਾਲ ਕੌਰ ਨੇ ਮੰਨਿਆ ਕਿ ਵਾਰਦਾਤ ਤੋਂ ਬਾਅਦ ਉਨ੍ਹਾਂ ਨੂੰ ਅਸਲਾ ਸੰਭਾਲਣ ਲਈ ਦਿੱਤਾ ਜਾਂਦਾ ਸੀ। ਜਦੋਂ ਫਿਰ ਵਾਰਦਾਤ ਕਰਨੀ ਹੁੰਦੀ ਇਹ ਮੁਲਜ਼ਮਾਂ ਤੱਕ ਅਸਲਾ ਪਹੁੰਚਾਉਣ ਦਾ ਰੋਲ ਨਿਭਾਉਂਦੇ ਸਨ। ਵਾਰਦਾਤ ਵਾਲੇ ਦਿਨ ਵਰਤੀ ਗਈ ਹੁੰਡਈ ਦੀ ਆਈ-10 ਕਾਰ ਵੀ ਡੇਹਲੋਂ ਤੋਂ ਖੋਹੀ ਹੋਈ ਹੈ ਤੇ ਉਸ ਦੀ ਆਰਸੀ ਵੀ ਜਾਅਲੀ ਹੈ। ਦਰਸ਼ਨ ਸਹੌਲੀ ਦੀ ਖੇਤ ਵਾਲੀ ਮੋਟਰ ਤੋਂ ਬਰਾਮਦ ਹੋਏ ਹਥਿਆਰਾਂ ਨਾਲ ਉਸ ਦੇ ਤਿੰਨੇ ਸਾਥੀ 30 ਤੋਂ ਵੱਧ ਲੁੱਟ ਦੀਆਂ ਵਾਰਦਾਤਾਂ ਕਰ ਚੁੱਕੇ ਹਨ। ਸੂਤਰਾਂ ਅਨੁਸਾਰ ਆਉਂਦੇ ਦਿਨਾਂ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸ਼ਹੀਦ ਥਾਣੇਦਾਰਾਂ ਦੇ ਪਰਿਵਾਰਾਂ ਨਾਲ ਮੀਟਿੰਗ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ ਨੇ 15 ਮਈ ਨੂੰ ਦਾਣਾ ਮੰਡੀ ’ਚ ਗੈਂਗਸਟਰਾਂ ਦੀਆਂ ਗੋਲੀਆਂ ਨਾਲ ਮਾਰੇ ਗਏ ਏਐੱਸਆਈ ਭਗਵਾਨ ਸਿੰਘ ਤੇ ਏਐੱਸਆਈ ਦਲਵਿੰਦਰਜੀਤ ਸਿੰਘ ਬੱਬੀ ਦੇ ਪਰਿਵਾਰਾਂ ਨਾਲ ਮੀਟਿੰਗ ਕੀਤੀ। ਸ੍ਰੀ ਸੋਹਲ ਨੇ ਦੋਵੇਂ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਵਿਭਾਗ ਵੱਲੋਂ ਹਰ ਮਦਦ ਦੇਣ ਦਾ ਭਰੋਸਾ ਦਿੰਦੇ ਹੋਏ ਹੌਸਲਾ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਦੋਵੇਂ ਅਧਿਕਾਰੀ ਵਿਭਾਗ ਨੂੰ ਸਮਰਪਿਤ ਸਨ ਤੇ ਵਿਭਾਗ ਵੱਲੋਂ ਸੌਂਪੀਆਂ ਜ਼ਿੰਮੇਵਾਰੀਆਂ ’ਤੇ ਡੱਟ ਕੇ ਪਹਿਰਾ ਦੇਣ ਵਾਲੇ ਸਨ।