ਪੱਤਰ ਪ੍ਰੇਰਕ
ਅਬੋਹਰ, 22 ਅਪਰੈਲ
ਅਬੋਹਰ-ਮਲੋਟ ਰੋਡ ’ਤੇ ਖਾਲਸਾ ਕਾਲਜ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ਵਿਚ ਥਾਣਾ ਸਿਟੀ 1 ਦੀ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ 5 ਮੁਲਜ਼ਮਾਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਹਨ। ਪੁਲੀਸ ਮਾਮਲੇ ਦੇ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪੁਲੀਸ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 16 ਅਪਰੈਲ ਨੂੰ ਖ਼ਾਲਸਾ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕਾਲਜ ਦੇ ਮੁੱਖ ਗੇਟ ’ਤੇ ਦੋ ਧੜਿਆਂ ਵਿੱਚ ਲੜਾਈ ਹੋ ਗਈ ਸੀ। ਇਸ ਮੌਕੇ ਗੋਲੀਆਂ ਚਲਾਈਆਂ ਗਈਆਂ। ਥਾਣਾ ਸਿਟੀ 1 ਦੀ ਪੁਲੀਸ ਨੇ ਮੁਕੇਸ਼ ਕੁਮਾਰ ਉਰਫ ਗੁੱਡੂ ਪੰਡਿਤ, ਜਤਿਨ ਕੁਮਾਰ, ਹਰੀਸ਼ ਕੁਮਾਰ ਉਰਫ ਹੈਰੀ, ਗੋਲੂ, ਸੁੱਖ ਗਿੱਲ, ਨੂਰ ਬਰਾੜ ਸਮੇਤ ਕੁਝ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਪੁਲੀਸ ਨੇ ਮੁਕੇਸ਼ ਕੁਮਾਰ ਉਰਫ਼ ਗੁੱਡੂ ਪੰਡਿਤ, ਜਤਿਨ ਕੁਮਾਰ ਅਤੇ ਹਰੀਸ਼ ਕੁਮਾਰ ਉਰਫ਼ ਹੈਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਕੋਲੋਂ ਨਾਜਾਇਜ਼ ਪਿਸਤੌਲ 32 ਬੋਰ, 1 ਖੋਲ 32 ਬੋਰ, 2 ਤਲਵਾਰਾਂ ਅਤੇ ਬੁਲਟ ਮੋਟਰਸਾਈਕਲ ਬਰਾਮਦ ਕੀਤਾ ਗਿਆ। ਪੁਲੀਸ ਨੇ ਪ੍ਰਵੀਨ ਕੁਮਾਰ ਪੁੱਤਰ ਹੰਸਰਾਜ ਵਾਸੀ ਢਾਣੀ ਭਾਗੂ ਰੋਡ, ਪਿੰਡ ਰਾਜਾਂਵਾਲੀ ਅਤੇ ਰਵੀ ਕੁਮਾਰ ਪੁੱਤਰ ਕਿਸ਼ੋਰੀ ਲਾਲ ਵਾਸੀ ਰਾਮਸਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਹੁਣ ਤੱਕ ਗਿ੍ਫ਼ਤਾਰ ਕੀਤੇ ਸਾਰੇ ਪੰਜ ਮੁਲਜ਼ਮਾਂ ਖ਼ਿਲਾਫ਼ ਇਕ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਹਰੀਸ਼ ਕੁਮਾਰ ਵਾਸੀ ਪਿੰਡ ਰਾਜਾਂਵਾਲੀ ਅਤੇ ਇਸ ਦੇ ਦੋ ਹੋਰ ਸਾਥੀਆਂ ਦਾ ਸਬੰਧ ਲਾਰੈਂਸ ਗੈਂਗ ਨਾਲ ਹੈ। ਹਰੀਸ਼ ਖਿਲਾਫ 2023 ‘ਚ ਸ਼੍ੀਗੰਗਾਨਗਰ ਦੇ ਜਵਾਹਰ ਨਗਰ ਥਾਣਾ ਪੁਲੀਸ ਨੇ ਅਨਮੋਲ ਬਿਸ਼ਨੋਈ ‘ਤੇ ਇਕ ਕਾਰੋਬਾਰੀ ਨੂੰ ਧਮਕੀ ਦੇ ਕੇ ਫਿਰੌਤੀ ਮੰਗਣ ਦਾ ਮਾਮਲਾ ਵੀ ਦਰਜ ਕੀਤਾ ਸੀ।