ਸਤਵਿੰਦਰ ਬਸਰਾ
ਲੁਧਿਆਣਾ, 30 ਅਗਸਤ
ਸ਼ਹਿਰ ਵਿਚ ਭੀੜ ਘਟਾਉਣ ਲਈ ਪਿਛਲੇ ਕੁਝ ਦਿਨਾਂ ਤੋਂ ਜਿਸਤ/ਟਾਂਕ ਤਰਤੀਬ ਨਾਲ ਦੁਕਾਨਾਂ ਖੋਲ੍ਹਣ ਦੀ ਥਾਂ ਦੁਕਾਨਦਾਰਾਂ ਵੱਲੋਂ ਹਫ਼ਤੇ ਵਿਚ 6 ਦਿਨ ਦੁਕਾਨਾਂ ਖੋਲ੍ਹਣ ਦੀ ਖੁੱਲ੍ਹ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਬਾਜ਼ਾਰਾਂ ਵਿੱਚ ਦੁਕਾਨਾਂ ਖੁੱਲ੍ਹਣ ਨਾਲ ਭੀੜ ਨਹੀਂ ਹੁੰਦੀ ਸਗੋਂ ਚਾਰ ਪਹੀਆ ਵਾਹਨ ਬਾਜ਼ਾਰ ਵਿੱਚ ਦਾਖ਼ਲ ਹੋਣ ਨਾਲ ਭੀੜ ਵਧਦੀ ਜਾਂਦੀ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਮੁੱਖ ਬਾਜ਼ਾਰਾ ’ਚ ਚੌੜਾ ਬਾਜ਼ਾਰ, ਘੁਮਾਰ ਮੰਡੀ, ਫਿਰੋਜ਼ ਗਾਂਧੀ ਮਾਰਕੀਟ, ਜਵਾਹਰ ਨਗਰ ਆਦਿ ਵਿਚ ਸ਼ਨਿਚਰਵਾਰ ਅਤੇ ਐਤਵਾਰ ਤੋਂ ਇਲਾਵਾ ਬਾਕੀ ਦਿਨ ਜਿਸਤ-ਟਾਂਕ ਤਰਤੀਬ ਨਾਲ ਦੁਕਾਨਾਂ ਖੋਲ੍ਹੀਆਂ ਜਾਂਦੀਆਂ ਹਨ। ਇਸ ਤਰਤੀਬ ਦੇ ਬਾਵਜੂਦ ਬਾਜ਼ਾਰਾਂ ਵਿੱਚ ਭੀੜ ਘਟਣ ਦਾ ਨਾਂ ਨਹੀਂ ਲੈ ਰਹੀ। ਇਸ ਕਰ ਕੇ ਹੁਣ ਕਈ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੇ ਦੁਕਾਨਾਂ ਦੇ ਸ਼ਟਰਾ ’ਤੇ ਹੀ ਪਰਚੇ ਲਾ ਕਿ ਹਫ਼ਤੇ ਵਿੱਚ ਛੇ ਦਿਨ ਦੁਕਾਨਾਂ ਖੋਲ੍ਹਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਪਰਚਿਆਂ ’ਤੇ ਇਹ ਵੀ ਲਿਖਿਆ ਹੈ ਕਿ ਜਿਸਤ/ਟਾਂਕ ਤਰਤੀਬ ਨਾਲ ਦੁਕਾਨਾਂ ਖੋਲ੍ਹਣ ਦੀ ਥਾਂ ਸਿਰਫ਼ ਇਕ ਦਿਨ ਸੋਮਵਾਰ ਨੂੰ ਹੀ ਬੰਦ ਕੀਤੀਆਂ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਵਾਰ ਬਾਜ਼ਾਰਾਂ ਵਿੱਚ ਚਾਰ ਪਹੀਆ ਵਾਹਨ ਆ ਜਾਂਦੇ ਹਨ ਜਿਸ ਨਾਲ ਸੜਕਾਂ ’ਤੇ ਜਾਮ ਲੱਗ ਜਾਂਦੇ ਹਨ। ਕਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਰੋਨਾ ਕਰ ਕੇ ਲਾਏ ਲੌਕਡਾਊਨ ਕਰ ਕੇ ਉਨ੍ਹਾਂ ਦੇ ਕਾਰੋਬਾਰ ਤਾਂ ਪਹਿਲਾਂ ਹੀ ਠੱਪ ਹੋ ਗਏ ਹਨ ਅਤੇ ਹੁਣ ਹਫ਼ਤੇ ਵਿੱਚ ਜਿਸਤ/ਟਾਂਕ ਤਰਤੀਬ ਨਾਲ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਹੈ।
ਅੱਜ ਆਮ ਵਰਤੋਂ ਵਾਲੀਆਂ ਵਸਤਾਂ ਵਾਲੀਆਂ ਦੁਕਾਨਾਂ ਨੂੰ ਛੱਡ ਬਾਕੀ ਬਾਜ਼ਾਰ ਬੰਦ ਰਿਹਾ।
ਦੁਕਾਨਾਂ ਬੰਦ ਹੁੰਦਿਆਂ ਹੀ ਲੱਗਦੀਆਂ ਨੇ ਰੇਹੜੀਆਂ ਤੇ ਫੜ੍ਹੀਆਂ
ਲੁਧਿਆਣਾ: ਕਰੋਨਾ ਮਹਾਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਸੂਬਾ ਸਰਕਾਰ ਵੱਲੋਂ ਸ਼ਾਮ 7 ਵਜੇ ਤੋਂ ਬਾਅਦ ਦੁਕਾਨਾਂ ਬੰਦ ਕਰਨ ਦੇ ਹੁਕਮਾਂ ਦੀਆਂ ਫੜ੍ਹੀਆਂ ਅਤੇ ਰੇਹੜੀਆਂ ਵਾਲਿਆਂ ਵੱਲੋਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਨ੍ਹਾਂ ਦੀ ਭੀੜ ਦੁਕਾਨਾਂ ਨਾਲੋਂ ਵੀ ਵੱਧ ਕਰੋਨਾ ਫੈਲਾਉਣ ਦਾ ਕਾਰਨ ਬਣ ਸਕਦੀ ਹੈ। ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪ੍ਰਸਾਸ਼ਨ ਨੂੰ ਇਸ ਪਾਸੇ ਸੁਚੇਤ ਹੋਣ ਦੀ ਅਪੀਲ ਕੀਤੀ ਹੈ। ਪ੍ਰਸਾਸ਼ਨ ਵੱਲੋਂ ਬਾਜ਼ਾਰਾਂ ਵਿੱਚ ਭੀੜ ਘੱਟ ਕਰਨ ਦੇ ਮਕਸਦ ਨਾਲ ਸ਼ਾਮ 7 ਵਜੇ ਦੁਕਾਨਾਂ ਬੰਦ ਕਰਨ ਦੀ ਹਦਾਇਤ ਕੀਤੀ ਹੋਈ ਹੈ ਪਰ ਇਸ ਸਮੇਂ ਦੌਰਾਨ ਸੜਕਾਂ ’ਤੇ ਖੜ੍ਹਦੀਆਂ ਸਬਜ਼ੀ ਦੀਆਂ ਰੇਹੜੀਆਂ ਅਤੇ ਲਗਦੀਆਂ ਫੜ੍ਹੀਆਂ ਪ੍ਰਸਾਸ਼ਨ ਦੀ ਕੋਸ਼ਿਸ਼ ਨੂੰ ਅਸਫ਼ਲ ਬਣਾ ਰਹੀਆਂ ਹਨ। ਸਮਾਜ ਸੇਵਕ ਜਗਜੀਤ ਸਿੰਘ ਨੇ ਕਿਹਾ ਕਿ ਕਰੋਨਾ ਸਿਰਫ਼ ਦੁਕਾਨਾਂ ਤੋਂ ਹੀ ਨਹੀਂ ਰੇਹੜੀਆਂ/ਫੜ੍ਹੀਆਂ ’ਤੇ ਹੁੰਦੀ ਭੀੜ ਨਾਲ ਵੀ ਫੈਲ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸ਼ਾਮ 7 ਵਜੇ ਭਾਵੇਂ ਲਗਭਗ ਸਾਰੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਹਨ ਪਰ ਸੜਕਾਂ ’ਤੇ ਸਬਜ਼ੀ ਅਤੇ ਹੋਰ ਸਾਮਾਨ ਵੇਚਣ ਵਾਲੀਆਂ ਰੇਹੜੀਆਂ ਦੀ ਗਿਣਤੀ ਵਧ ਜਾਂਦੀ ਹੈ।