ਗਗਨਦੀਪ ਅਰੋੜਾ
ਲੁਧਿਆਣਾ, 1 ਜੂਨ
ਮੁੱਖ ਅੰਸ਼
- ਡੀਸੀ ਨੇ ਜਾਰੀ ਕੀਤੀਆਂ ਲੌਕਡਾਊਨ 5.0/ਅਨਲੌਕ 1.0 ਤਹਿਤ ਨਵੀਆਂ ਹਦਾਇਤਾਂ
ਸਨਅਤੀ ਸ਼ਹਿਰ ਵਿਚ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਲੌਕਡਾਊਨ 5.0/ਅਨਲੌਕ 1.0 ਤਹਿਤ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਤਹਿਤ ਜ਼ਿਲ੍ਹੇ ’ਚ ਦੁਕਾਨਾਂ ਪਹਿਲਾਂ ਤੋਂ ਹੀ ਤੈਅ ਰੋਸਟਰ ਮੁਤਾਬਕ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ। ਸ਼ਰਾਬ ਦੀਆਂ ਦੁਕਾਨਾਂ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਖੁਲ੍ਹ ਸਕਣਗੀਆਂ। ਹਜਾਮਤ, ਹੇਅਰ ਕਟ ਸੈਲੂਨ, ਬਿਊਟੀ ਪਾਰਲਰ ਤੇ ਸਪਾ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਅਨੁਸਾਰ ਹੀ ਖੋਲ੍ਹੇ ਜਾ ਸਕਣਗੇ। ਡੀਸੀ ਨੇ ਦੱਸਿਆ ਕਿ ਸਨਅਤਾਂ ਤੇ ਸਨਅਤੀ ਅਦਾਰਿਆਂ ਨੂੰ ਦਿਹਾਤੀ ਤੇ ਸ਼ਹਿਰੀ ਖੇਤਰਾਂ ’ਚ ਬਿਨਾਂ ਕਿਸੇ ਬੰਦਸ਼ ਤੋਂ ਚੱਲਣ ਦੀ ਇਜਾਜ਼ਤ ਹੋਵੇਗੀ। ਉਸਾਰੀ ਗਤੀਵਿਧੀਆਂ ਵੀ ਸ਼ਹਿਰ ਤੇ ਪੇਂਡੂ ਇਲਾਕੇ ’ਚ ਬਿਨਾਂ ਕਿਸੇ ਬੰਦਸ਼ ਤੋਂ ਚੱਲ ਸਕਣਗੀਆਂ। ਖੇਤੀਬਾੜੀ, ਬਾਗ਼ਬਾਨੀ, ਪਸ਼ੂ ਪਾਲਣ ਤੇ ਵੈਟਰਨਰੀ ਸੇਵਾਵਾਂ ਵੀ ਬੇ-ਰੋਕ ਟੋਕ ਚੱਲ ਸਕਣਗੀਆਂ। ਈ-ਕਾਮਰਸ ਨੂੰ ਸਾਰੀਆਂ ਵਸਤਾਂ ਵਾਸਤੇ ਆਗਿਆ ਹੋਵੇਗੀ। ਇਸ ਤੋਂ ਇਲਾਵਾ ਸਪੋਰਟਸ ਕੰਪਲੈਕਸ ਤੇ ਸਟੇਡੀਅਮ ਸਿਹਤ ਵਿਭਾਗ ਵੱਲੋਂ ਨਿਰਧਾਰਿਤ ਸਾਵਧਾਨੀਆਂ ਅਨੁਸਾਰ ਹੀ ਚੱਲ ਸਕਣਗੇ। 65 ਸਾਲ ਤੋਂ ਉੱਪਰ ਬਜ਼ੁਰਗਾਂ, ਹੋਰਨਾਂ ਬਿਮਾਰੀਆਂ ਨਾਲ ਪੀੜਤ ਵਿਅਕਤੀਆਂ, ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜ਼ਰੂਰੀ ਕੰਮ ਤੋਂ ਬਿਨਾਂ ਬਾਹਰ ਨਾ ਨਿਕਲਣ ਲਈ ਆਖਿਆ ਗਿਆ ਹੈ।
ਕੀ ਰਹੇਗਾ ਬੰਦ
ਜ਼ਿਲ੍ਹੇ ’ਚ ਜਿਨ੍ਹਾਂ ਗਤੀਵਿਧੀਆਂ ’ਤੇ ਰੋਕ ਰਹੇਗੀ, ਉਨ੍ਹਾਂ ’ਚ ਸਿਨੇਮਾ ਹਾਲ, ਜਿਮਨੇਜ਼ੀਅਮ, ਤੈਰਾਕੀ ਤਲਾਅ, ਮਨੋਰੰਜਕ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਇਕੱਤਰਤਾ ਹਾਲ ਤੇ ਅਜਿਹੇ ਹੋਰ ਸਥਾਨ ਬੰਦ ਰਹਿਣਗੇ। ਸਮਾਜਿਕ/ਰਾਜਨੀਤਿਕ/ਖੇਡ/ਮਨੋਰੰਜਕ/ਅਕਾਦਮਿਕ/ਸਭਿਆਚਾਰਕ/ਧਾਰਮਿਕ ਸਮਾਗਮ ਅਤੇ ਹੋੲ ਵੱਡੇ ਇਕੱਠਾਂ ’ਤੇ ਮਨਾਹੀ ਰਹੇਗੀ। ਸ਼ਰਾਬ, ਪਾਨ, ਗੁਟਕਾ, ਤੰਬਾਕੂ ਆਦਿ ਦੇ ਜਨਤਕ ਥਾਂਵਾਂ ’ਤੇ ਸੇਵਨ ਦੀ ਮਨਾਹੀ ਰਹੇਗੀ ਪਰੰਤੂ ਉਨ੍ਹਾਂ ਦੀ ਵਿਕਰੀ ’ਤੇ ਰੋਕ ਨਹੀਂ ਹੋਵੇਗੀ। ਜ਼ਿਲ੍ਹੇ ’ਚ ਧਾਰਮਿਕ/ਪੂਜਾ ਸਥਾਨ, ਹੋਟਲ ਤੇ ਹੋਰ ਮੇਜ਼ਬਾਨੀ ਸੇਵਾਵਾਂ ਤੇ ਸ਼ਾਪਿੰਗ ਮਾਲ ਜਨਤਕ ਤੌਰ ’ਤੇ ਖੋਲ੍ਹਣ ਬਾਰੇ ਫ਼ੈਸਲਾ 7 ਜੂਨ ਤੋਂ ਬਾਅਦ ਵੱਖਰੇ ਹੁਕਮਾਂ ਦੁਆਰਾ ਕੀਤਾ ਜਾਵੇਗਾ। ਰੈਸਟੋਰੈਂਟ ਟੇਕ-ਅਵੇਅ ਜਾਂ ਹੋਮ ਡਲਿਵਰੀ ਸੇਵਾਵਾਂ ਜਾਰੀ ਰੱਖ ਸਕਣਗੇ।
ਪੁਲੀਸ ਕਮਿਸ਼ਨਰ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਦਿੱਤੇ ਲੋਕਾਂ ਦੇ ਸਵਾਲਾਂ ਦੇ ਜਵਾਬ
ਕਰੋਨਾ ਵਾਇਰਸ ਨੂੰ ਲੈ ਕੇ ਲੌਕਡਾਊਨ 5 ਅਤੇ ਅਨਲੌਕ 1 ਦੇ ਤਹਿਤ ਲੋਕਾਂ ’ਚ ਭੰਬਲਭੂਸੇ ਨੂੰ ਲੈ ਕੇ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਸੋਮਵਾਰ ਦੀ ਸ਼ਾਮ ਨੂੰ ਫੇਸਬੁੱਕ ’ਤੇ ਲਾਈਵ ਹੋਏ ਅਤੇ ਕਈ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਹੁਣ ਸਾਡੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਕਰੋਨਾ ਦੇ ਨਾਲ ਹੀ ਹਦਾਇਤਾਂ ਦੇ ਨਾਲ ਆਰਥਿਕ ਗਤੀਵਿਧੀਆਂ ਸ਼ੁਰੂ ਕਰਨੀਆਂ ਹੋਣਗੀਆਂ। ਹਦਾਇਤਾਂ ਲਾਗੂ ਕਰਨ ਲਈ ਸਰਕਾਰਾਂ ਨੇ ਜੁਰਮਾਨੇ ਵੀ ਤੈਅ ਕੀਤੇ ਹਨ। ਜੋ ਵੀ ਇਨ੍ਹਾਂ ਦਾ ਉਲੰਘਣ ਕਰੇਗਾ, ਉਨ੍ਹਾਂ ਤੋਂ ਜੁਰਮਾਨੇ ਲਏ ਜਾ ਰਹੇ ਹਨ ਤੇ ਅੱਗੇ ਵੀ ਲਏ ਜਾਣਗੇ।