ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਸਤੰਬਰ
ਇਥੇ ਕੁਲਵੰਤ ਕੌਰ ਰਸੂਲਪੁਰ ਦੀ ਕਥਿਤ ਪੁਲੀਸ ਤਸ਼ੱਦਦ ਨਾਲ ਹੋਈ ਮੌਤ ਦੇ ਮਾਮਲੇ ’ਚ ਨਾਮਜ਼ਦ ਡੀਐੱਸਪੀ ਸਮੇਤ ਚਾਰਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਥਾਣਾ ਸਿਟੀ ਅੱਗੇ ਧਰਨਾ ਜਾਰੀ ਹੈ। ਧਰਨੇ ਦੇ 187ਵੇਂ ਦਿਨ ਅੱਜ ਰੋਸ ਵਜੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਨਿਆਂ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦੁਹਰਾਇਆ। ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਦਸੰਬਰ ’ਚ ਸੰਗੀਨ ਧਾਰਾਵਾਂ ਤਹਿਤ ਦਰਜ ਹੋਏ ਪਰਚੇ ਦੇ ਬਾਵਜੂਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪੁਲੀਸ ਪ੍ਰਸ਼ਾਸਨ ਮੁਲਜ਼ਮਾਂ ਦੇ ਬਚ ਕੇ ਨਿਕਲਣ ਦਾ ਰਸਤਾ ਦੇ ਰਿਹਾ ਹੈ, ਇਸੇ ਲਈ ਗ੍ਰਿਫ਼ਤਾਰੀ ਦੇ ਮਾਮਲੇ ’ਚ ਢਿੱਲ ਦਿੱਤੀ ਹੋਈ ਹੈ। ਆਗੂਆਂ ਨੇ ਨਵੀਂ ਬਣੀ ਸਰਕਾਰ ਵੱਲੋਂ ਵੀ ਅਣਦੇਖੀ ਕਰਨ ਅਤੇ ਹਲਕਾ ਵਿਧਾਇਕ ਦੇ ਦੋ ਵਾਰ ਧਰਨੇ ’ਚ ਪਹੁੰਚ ਕੇ ਭਰੋਸਾ ਦੇਣ ਦੇ ਬਾਵਜੂਦ ਇਨਸਾਫ਼ ਨਾ ਮਿਲਣ ’ਤੇ ਵੀ ਰੋਸ ਪ੍ਰਗਟਾਇਆ। ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੀੜਤ ਪਰਿਵਾਰ ਲਈ ਤੁਰੰਤ ਨਿਆਂ ਦੀ ਮੰਗ ਕੀਤੀ ਗਈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਜਿਥੇ ਪੁਲੀਸ ਅਧਿਕਾਰੀਆਂ ਦੇ ਕਥਿਤ ਪੱਖਪਾਤੀ ਵਤੀਰੇ ਦੀ ਸਖ਼ਤ ਨਿੰਦਾ ਕੀਤੀ, ਉਥੇ ਸੱਤਾਧਾਰੀ ਲੀਡਰਾਂ ਖ਼ਿਲਾਫ਼ ਭੜਾਸ ਕੱਢੀ।