ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 23 ਅਕਤੂਬਰ
ਪਿੰਡ ਸਿੱਧਵਾਂ ਖੁਰਦ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਅਗਵਾਈ ਹੇਠ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਖਾਲਸਾ ਕਾਲਜ (ਲੜਕੀਆਂ), ਜੀਐੱਚਜੀ ਹਰਿਪ੍ਰਕਾਸ਼ ਕਾਲਜ, ਜੀਐੱਚਜੀ ਇੰਸਟੀਚਿਊਟ ਆਫ ਲਾਅ, ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਅਤੇ ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੇ ਸਾਂਝੇ ਤੌਰ ’ਤੇ ਅੱਜ ਸਥਾਪਨਾ ਦਿਵਸ ਮਨਾਇਆ। ਪ੍ਰਧਾਨ ਬੀਰਇੰਦਰ ਸਿੰਘ ਸਿੱਧੂ ਸੇਵਾਮੁਕਤ ਡੀਜੀਪੀ ਦੀ ਅਗਵਾਈ ਹੇਠ ਸਿੱਧਵਾਂ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਦੇ ਸਹਿਯੋਗ ਨਾਲ ਭਾਈ ਨਰਾਇਣ ਸਿੰਘ, ਬੇਬੇ ਰਾਮ ਕੌਰ, ਪਦਮ ਸ੍ਰੀ ਬੀਬੀ ਹਰਿਪ੍ਰਕਾਸ਼ ਕੌਰ ਅਤੇ ਬੀਬੀ ਅਤਰ ਕੌਰ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਮਾਗਮ ’ਚ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਬਾਨੀਆਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ’ਚ ਪ੍ਰਬੰਧਕਾਂ ਵਲੋਂ ਨਿਭਾਈ ਜਾ ਰਹੀ ਸੁਹਿਰਦ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬ ਸਰਕਾਰ ਵਲੋਂ ਸਿੱਧਵਾਂ ਵਿੱਦਿਅਕ ਸੰਸਥਾਵਾਂ ਦੀ ਬਣਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਸਕੱਤਰ ਪ੍ਰੀਤਮ ਸਿੰਘ ਜੌਹਲ ਨੇ ਮੁੱਖ ਮਹਿਮਾਨ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ। ਡਾ. ਅਮਨਦੀਪ ਕੌਰ ਨੇ ਸਿੱਧਵਾਂ ਖੁਰਦ ਵਿੱਚ ਸਾਲ 1909 ’ਚ ਲੜਕੀਆਂ ਦੀ ਸਿੱਖਿਆ ਲਈ ਸ਼ੁਰੂ ਕੀਤੀਆਂ ਇਨ੍ਹਾਂ ਸੰਸਥਾਵਾਂ ਦੇ ਇਤਹਿਾਸ ਬਾਰੇ ਚਾਨਣਾ ਪਾਇਆ। ਮੈਨੇਜਮੈਂਟ ਨੇ ਅਕਾਦਮਿਕ, ਧਾਰਮਿਕ, ਸਭਿਆਚਾਰਕ ਅਤੇ ਖੇਡਾਂ ਦੇ ਖੇਤਰਾਂ ‘ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ‘ਸਟੂਡੈਂਟਸ ਆਫ ਦੀ ਈਅਰ’ ਐਵਾਰਡ ਦੇ ਨਾਲ ਫਾਊਂਡਰਜ਼ ਡੇਅ ਸਕਾਲਰਸ਼ਿਪ ਦਿੱਤੀ। ਇਸ ਸਾਲ ਮਨਪ੍ਰੀਤ ਕੌਰ, ਸਹਿਜਪ੍ਰੀਤ ਕੌਰ, ਨੂਰਦੀਪ ਕੌਰ, ਇੰਦਰਪ੍ਰੀਤ ਕੌਰ, ਗੁਰਨੂਰ ਕੌਰ ਸੰਘੇੜਾ ਨੂੰ ਪੁਰਸਕਾਰ ਨਾਲ ਨਿਵਾਜਿਆ ਗਿਆ। ਇਸ ਮੌਕੇ ਹਾਲ ਹੀ ’ਚ ਜੱਜ ਬਣੀ ਸਿੱਧਵਾਂ ਖੁਰਦ ਦੀ ਸਾਬਕਾ ਵਿਦਿਆਰਥਣ ਕਿਰਨਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਬੀਰਇੰਦਰ ਸਿੰਘ ਸਿੱਧੂ ਅਤੇ ਸਕੱਤਰ ਪ੍ਰੀਤਮ ਸਿੰਘ ਜੌਹਲ ਤੋਂ ਇਲਾਵਾ ਮੈਨੇਜਰ ਕਿਰਪਾਲ ਸਿੰਘ ਭੱਠਲ ਤੇ ਹਰਮੇਲ ਸਿੰਘ ਸਿੱਧੂ ਆਦਿ ਹਾਜ਼ਰ ਸਨ।