ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਮਈ
ਤੀਜੇ ਪੜਾਅ ਤਹਿਤ ਸਿੱਧਵਾਂ ਨਹਿਰ ਦਾ ਵਾਟਰ ਫਰੰਟ 3 ਕਰੋੜ ਰੁਪਏ ਦੀ ਲਾਗਤ ਨਾਲ ਦੁੱਗਰੀ ਪੁਲ ਤੋਂ ਧੂਰੀ ਲਾਈਨ ਤੱਕ ਨਹਿਰ ਦੇ ਕਿਨਾਰੇ ਵਿਕਸਤ ਕੀਤਾ ਜਾਵੇਗਾ। ਇਹ ਐਲਾਨ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਇੱਥੇ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਪ੍ਰਾਜੈਕਟ ਦਾ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਦੇ ਤਹਿਤ, ਲੁਧਿਆਣਾ (ਪੱਛਮੀ) ਹਲਕੇ ਵਿੱਚ 5.33 ਕਰੋੜ ਦੀ ਲਾਗਤ ਨਾਲ ਤਿੰਨ ਨਵੀਆਂ ਗ੍ਰੀਨ ਬੈਲਟਸ ਅਤੇ ਲਈਅਰ ਵੈਲੀਜ ਦਾ ਵੀ ਨਿਰਮਾਣ ਕੀਤਾ ਜਾਵੇਗਾ। ਸਿੱਧਵਾਂ ਨਹਿਰ ਦੇ ਕਿਨਾਰੇ ਵਾਟਰਫਰੰਟ ਪ੍ਰਾਜੈਕਟ ਦੇ ਨਿਰਮਾਣ ਲਈ ਸੰਭਾਵਤ ਥਾਂ ਦਾ ਦੌਰਾ ਕਰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਤੀਜੇ ਪੜਾਅ ਤਹਿਤ ਦੁੱਗਰੀ ਰੋਡ ਤੋਂ ਧੂਰੀ ਲਾਈਨ ਤੱਕ ਵਾਟਰ ਫਰੰਟ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਤਕਰੀਬਨ 800 ਮੀਟਰ ਦਾ ਇਲਾਕਾ ਵਰਤਣਯੋਗ ਨਹੀਂ ਹੈ ਤੇ ਜਦੋਂ ਇੱਥੇ ਵਾਟਰ ਫਰੰਟ ਵਿਕਸਿਤ ਕੀਤਾ ਜਾਵੇਗਾ, ਤਾਂ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੂੰ ਲਾਭ ਹੋਵੇਗਾ ਕਿਉਂਕਿ ਇਹ ਸਵੇਰ/ਸ਼ਾਮ ਦੀ ਸੈਰ ਤੋਂ ਇਲਾਵਾ ਮਨੋਰੰਜਕ ਗਤੀਵਿਧੀਆਂ ਲਈ ਵੀ ਵਰਤਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਅਤੇ ਹੋਰ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਲਗਪਗ 4.74 ਕਰੋੜ ਰੁਪਏ ਦੀ ਲਾਗਤ ਵਾਲੇ ਸਿੱਧਵਾਂ ਨਹਿਰ ਵਾਟਰ ਫਰੰਟ ਪ੍ਰਾਜੈਕਟ ਦਾ ਪਹਿਲਾ ਪੜਾਅ ਮੁਕੰਮਲ ਹੋਣ ਨੇੜੇ ਹੈ, ਜਦਕਿ 1.6 ਕਿਲੋਮੀਟਰ ਲੰਬਾਈ ਦੇ ਦੂਜੇ ਪੜਾਅ ਦਾ ਕੰਮ (ਜਵੱਦੀ ਬ੍ਰਿੱਜ ਤੋਂ ਦੁੱਗਰੀ ਰੋਡ ਤੱਕ) 5.06 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲੁਧਿਆਣਾ (ਪੱਛਮੀ) ਹਲਕੇ ਵਿੱਚ 3 ਨਵੀਆਂ ਗ੍ਰੀਨ ਬੈਲਟਾਂ ਅਤੇ ਲਈਅਰ ਵੈਲੀਆਂ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਵਿੱਚ ਬਾੜੇਵਾਲ ਪਿੰਡ ਦੇ ਛੱਪੜ ਦੀ ਜਗ੍ਹਾ ਤੇ ਵਾਤਾਵਰਨ ਪੱਖੀ ਪਾਰਕ, ਰਘੁਨਾਥ ਐਨਕਲੇਵ ਵਿੱਚ ਗ੍ਰੀਨ ਬੈਲਟ ਅਤੇ ਲਗਪਗ 1 ਕਿਲੋਮੀਟਰ ਲੰਮੀ ਹੋਰ ਗ੍ਰੀਨ ਬੈਲਟ ਸੂਆ ਰੋਡ ਦੇ ਨਾਲ-ਨਾਲ ਬਾੜੇਵਾਲ ਇਲਾਕੇ ਵਿੱਚ ਸ਼ਾਮਲ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਨਿਗਮ ਕੌਂਸਲਰ ਮਮਤਾ ਆਸ਼ੂ ਤੇ ਪੰਕਜ ਕਾਕਾ ਨਾਲ ਨਿਊ ਆਸ਼ਾ ਪੁਰੀ, ਸ਼ੇਰ-ਏ-ਪੰਜਾਬ ਕਲੋਨੀ, ਮੋਦੀ ਐਨਕਲੇਵ, ਕਨਾਲ ਐਨਕਲੇਵ ਤੇ ਸ਼ਹਿਰ ਦੇ ਵਾਰਡ ਨੰਬਰ 74 ਨੇੜਲੇ ਖੇਤਰਾਂ ਵਿੱਚ ਸੜਕਾਂ ਦੀ ਮੁਰੰਮਤ ਤੇ ਉਸਾਰੀ ਨਾਲ ਜੁੜੇ ਇੱਕ ਪ੍ਰਾਜੈਕਟ ਦਾ ਉਦਘਾਟਨ ਕੀਤਾ।