ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 18 ਅਕਤੂਬਰ
ਇੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਟਰੈਕਟਰ ਏਜੰਸੀ ਦਾ ਘਿਰਾਓ ਕੀਤਾ। ਜ਼ਿਕਰਯੋਗ ਹੈ ਕਿ ਰਜਿਸਟਰੇਸ਼ਨ ਕਾਪੀ (ਆਰ ਸੀ) ਬਣਾਉਣ ਵਾਲੇ ਵਿਭਾਗ ਦੀ ਅਣਗਹਿਲੀ ਅਤੇ ਟਰੈਕਟਰ ਏਜੰਸੀ ਦੇ ਮਾਲਕ ਵੱਲੋਂ ਇਸ ਨੂੰ ਦਰੁਸਤ ਕਰਵਾਉਣ ਵੱਲ ਧਿਆਨ ਨਾ ਦੇਣ ਦਾ ਖਮਿਆਜ਼ਾ ਨੇੜਲੇ ਪਿੰਡ ਬੱਸੀਆਂ ਦਾ ਕਿਸਾਨ ਦੋ ਸਾਲ ਤੋਂ ਭੁਗਤ ਰਿਹਾ ਹੈ। ਨਵਾਂ ਟਰੈਕਟਰ ਲੈਣ ’ਤੇ ਆਰਸੀ ਵਿੱਚ ਉਸ ਦੀ ਮਿਆਦ 15 ਸਾਲ ਤੈਅ ਕੀਤੀ ਜਾਂਦੀ ਹੈ ਪਰ ਕਿਸਾਨ ਨਿਰਭੈ ਸਿੰਘ ਵੱਲੋਂ ਇਥੇ ਰਾਏਕੋਟ ਰੋਡ ’ਤੇ ਸਥਿਤ ਸੋਨਾਲੀਕਾ ਕੰਪਨੀ ਦੇ ਖਰੀਦੇ ਗਏ ਟਰੈਕਟਰ ਦੀ ਆਰਸੀ ’ਚ ਮਿਆਦ ਦੋ ਸਾਲ ਦਰਜ ਹੈ। ਕਿਸਾਨ ਦੋ ਸਾਲ ਤੋਂ ਟਰੈਕਟਰ ਏਜੰਸੀ ਦੇ ਚੱਕਰ ਲਾ-ਲਾ ਕੇ ਹੰਭ ਗਿਆ ਪਰ ਏਜੰਸੀ ਮਾਲਕ ਨੇ ਵਿਭਾਗ ਦੀ ਗਲਤੀ ਦਰੁਸਤ ਨਹੀਂ ਕਰਵਾਈ। ਮਿਆਦ ਮੁੱਕਣ ’ਚ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਬਾਕੀ ਰਹਿਣ ’ਤੇ ਪੀੜਤ ਕਿਸਾਨ ਨੇ ਮਾਮਲਾ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਧਿਆਨ ’ਚ ਲਿਆਂਦਾ। ਕਿਸਾਨ ਨੇ ਦੱਸਿਆ ਕਿ ਉਸ ਨੇ ਦੋ ਸਾਲ ਪਹਿਲਾਂ ਇਹ ਟਰੈਕਟਰ ਖਰੀਦਿਆ ਸੀ ਜਿਸ ਦੀ ਆਰੀਸੀ ਮੁਤਾਬਕ ਮਿਆਦ ਖ਼ਤਮ ਹੋਣ ਜਾ ਰਹੀ ਹੈ। ਸਿੱਟੇ ਵਜੋਂ ਉਹ ਨਾ ਤਾਂ ਟਰੈਕਟਰ ’ਤੇ ਕਰਜ਼ਾ ਲੈ ਸਕਿਆ ਅਤੇ ਨਾ ਹੀ ਇਸ ਨੂੰ ਅੱਗੇ ਵੇਚ ਸਕਦਾ ਹੈ। ਧਰਨਾ ਲਾਉਣ ਤੋਂ ਪਹਿਲਾਂ ਕਿਸਾਨ ਜਥੇਬੰਦੀ ਨੇ ਵੀ ਦੋ ਤਿੰਨ ਵਾਰ ਏਜੰਸੀ ਮਾਲਕ ਨਾਲ ਗੱਲ ਚਲਾਈ ਤਾਂ ਜੋ ਮਸਲਾ ਆਪਸੀ ਗੱਲਬਾਤ ਨਾਲ ਨਿੱਬੜ ਸਕੇ। ਬੀਕੇਯੂ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਬਲਾਕ ਪ੍ਰਧਾਨ ਰਣਧੀਰ ਸਿੰਘ ਬੱਸੀਆਂ ਦੀ ਅਗਵਾਈ ’ਚ ਰੋਸ ਦਿਖਾਵਾ ਕਰਦਿਆਂ ਕਿਸਾਨਾਂ ਨੇ ਪੀੜਤ ਕਿਸਾਨ ਲਈ ਇਨਸਾਫ਼ ਦੀ ਮੰਗ ਕੀਤੀ। ਇਕ ਘੰਟੇ ਤੋਂ ਲੰਬੀ ਚੱਲੀ ਕਸ਼ਮਕਸ਼ ਤੋਂ ਬਾਅਦ ਏਜੰਸੀ ਮਾਲਕ ਨੇ ਹਫ਼ਤੇ ਦੇ ਅੰਦਰ ਹੀ ਮਿਆਦ ਦਾ ਸਮਾਂ ਠੀਕ ਕਰਵਾ ਕੇ ਦੇਣ ਦਾ ਵਾਅਦਾ ਕੀਤਾ। ਇਕੱਠ ’ਚ ਇਹ ਵੀ ਫ਼ੈਸਲਾ ਹੋਇਆ ਕਿ ਹਫ਼ਤੇ ਅੰਦਰ ਇਹ ਵਾਅਦਾ ਪੂਰਾ ਨਾ ਹੋਣ ’ਤੇ ਇਕ ਲੱਖ ਰੁਪਏ ਲੈ ਕੇ ਕਿਸਾਨ ਨੂੰ ਨਵਾਂ ਟਰੈਕਟਰ ਦਿੱਤਾ ਜਾਵੇਗਾ। ਧਰਨੇ ’ਚ ਕਿਸਾਨ ਆਗੂ ਨਿਰਮਲ ਸਿੰਘ ਭਮਾਲ, ਤਰਸੇਮ ਸਿੰਘ ਬੱਸੂਵਾਲ, ਮਨਜਿੰਦਰ ਸਿੰਘ ਜੱਟਪੁਰਾ ਸਮੇਤ ਔਰਤਾਂ ਵੀ ਸ਼ਾਮਲ ਸਨ। ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਵਫ਼ਦ ਐੱਸਡੀਐੱਮ ਨੂੰ ਵੀ ਮਿਲੇਗਾ।
ਵਿਭਾਗ ਦੀ ਗ਼ਲਤੀ ਦਾ ਖਮਿਆਜ਼ਾ ਮੈਂ ਭੁਗਤ ਿਰਹਾਂ: ਏਜੰਸੀ ਮਾਲਕ
ਏਜੰਸੀ ਮਾਲਕ ਹਰਦਿਆਲ ਸਿੰਘ ਭੰਵਰਾ ਦਾ ਕਹਿਣਾ ਸੀ ਕਿ ਆਰਸੀ ਬਣਾਉਣ ਵਾਲੇ ਵਿਭਾਗ ਦੀ ਗ਼ਲਤੀ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਉਹ ਇਹ ਗਲਤੀ ਦਰੁਸਤ ਕਰਵਾ ਕੇ ਦੇਵੇਗਾ।