ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 6 ਸਤੰਬਰ
ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਸਿਹਾਲਾ ਵਿੱਚ ਗੁੱਗਾ ਜ਼ਾਹਰ ਪੀਰ ਛਿੰਝ ਕਮੇਟੀ, ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਾਏ ਗਏ ਦੰਗਲ ਮੇਲੇ ਵਿੱਚ ਝੰਡੀ ਦੀ ਕੁਸ਼ਤੀ ਗੌਰਵ ਮਾਛੀਵਾੜਾ ਦੇ ਨਾਮ ਰਹੀ। ਸਾਬਕਾ ਸਰਪੰਚ ਰਾਕੇਸ਼ ਕੁਮਾਰ ਤੇ ਭੋਲਾ ਚੌਧਰੀ ਨੇ ਦੱਸਿਆ ਕਿ ਇਸ ਦੰਗਲ ਮੇਲੇ ਦਾ ਉਦਘਾਟਨ ਡੇਰਾ ਬਾਬਾ ਮਸਤ ਰਾਮ ਦੇ ਗੱਦੀ ਨਸ਼ੀਨ ਬਾਬਾ ਸਵਰਨ ਦਾਸ ਨੇ ਕੀਤਾ, ਜਿਸ ਵਿੱਚ 150 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਮਗਰੋਂ ਗੌਰਵ ਮਾਛੀਵਾੜਾ ਅਤੇ ਗਨੀ ਲੱਲੀਆਂ ਵਿਚਾਲੇ ਝੰਡੀ ਦੀ ਕੁਸ਼ਤੀ ਹੋਈ, ਜਿਸ ਵਿਚ ਗੌਰਵ ਮਾਛੀਵਾੜਾ ਨੇ ਜਿੱਤ ਪ੍ਰਾਪਤ ਕਰਦਿਆਂ ਹਨੀ ਦੁਬਈ ਵੱਲੋਂ ਦਿੱਤਾ ਇਨਾਮੀ ਬੁਲਟ ਮੋਟਰਸਾਈਕਲ ਜਿੱਤਿਆ। ਦੂਜੇ ਨੰਬਰ ਦੀ ਝੰਡੀ ਦੀ ਕੁਸ਼ਤੀ ਵਿਚ ਅਜੈ ਬਾਰਨ ਨੇ ਪ੍ਰਿੰਸ ਕੁਹਾਲੀ ਨੂੰ ਚਿੱਤ ਕਰਕੇ ਰਿਸ਼ੀ ਸ਼ਰਮਾ ਵੱਲੋਂ ਦਿੱਤਾ ਬੁਲਟ ਮੋਟਰਸਾਈਕਲ ਹਾਸਲ ਕੀਤਾ। ਦੰਗਲ ਮੇਲੇ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਮਨਦੀਪ ਖੁੱਲਰ ਨੇ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕੀਤੀ।
ਨਾਗਰਾ ਛਿੰਝ ਮੇਲੇ ਵਿੱਚ ਤਾਲਬਿ ਬਾਬਾ ਫਲਾਹੀ ਜੇਤੂ
ਸਮਰਾਲਾ (ਪੱਤਰ ਪ੍ਰੇਰਕ): ਪਿੰਡ ਨਾਗਰਾ ਵਿੱਚ ਕਰਵਾਏ ਗਏ ਕੁਸ਼ਤੀ ਦੰਗਲ ਵਿੱਚ ਪੁਆਇੰਟਾਂ ਦੇ ਆਧਾਰ ’ਤੇ ਤਾਲਬਿ ਬਾਬਾ ਫਲਾਹੀ ਜੇਤੂ ਰਿਹਾ। ਕੇਸਰ ਸਿੰਘ, ਮਨਜੀਤ ਸਿੰਘ ਅਤੇ ਰਜਿੰਦਰ ਸਿੰਘ ਪ੍ਰਧਾਨ ਨੇ ਦੱਸਿਆ ਕਿ ਛਿੰਝ ਮੇਲੇ ਦਾ ਉਦਘਾਟਨ ਸੇਵਾਦਾਰ ਹਰਵਿੰਦਰ ਸਿੰਘ ਸੰਤ ਰਾਮ ਕੁਟੀਆਂ ਨਾਗਰਾ ਨੇ ਕੀਤਾ। ਇਸ ਮੌਕੇ ਝੰਡੀ ਦੀ ਕੁਸ਼ਤੀ ਤਾਲਬਿ ਬਾਬਾ ਫਲਾਹੀ ਅਤੇ ਗੱਗੂ ਲੱਲੀਆਂ ਪਹਿਲਵਾਨਾਂ ਵਿਚਾਲੇ ਹੋਈ। ਜਦੋਂ ਕਿਸੇ ਵੀ ਪਹਿਲਵਾਨ ਨੇ ਈਨ ਨਾ ਮੰਨੀ ਤਾਂ ਪ੍ਰਬੰਧਕਾਂ ਨੇ ਤਿੰਨ ਮਿੰਟ ਹੋਰ ਦਿੱਤੇ ਅਤੇ ਇਸ ਕੁਸ਼ਤੀ ਨੂੰ ਪੁਆਇੰਟਾਂ ਦੇ ਅਧਾਰ ’ਤੇ ਕਰਵਾਉਣ ਦਾ ਫੈਸਲਾ ਕੀਤਾ ਗਿਆ, ਜਿਸ ਵਿੱਚ ਤਾਲਬਿ ਬਾਬਾ ਫਲਾਹੀ ਜੇਤੂ ਰਿਹਾ। ਇਸੇ ਤਰ੍ਹਾਂ ਦੋ ਨੰਬਰ ਦੀ ਝੰਡੀ ਦੀ ਕੁਸ਼ਤੀ ਜੋਤ ਮਲਕਪੁਰ ਨੇ ਜਿੱਤੀ। ਉਸ ਨੇ ਗਾਮਾ ਚਮਕੌਰ ਸਾਹਿਬ ਨੂੰ ਹਰਾਇਆ।