ਗੁਰਿੰਦਰ ਸਿੰਘ
ਲੁਧਿਆਣਾ, 7 ਮਈ
ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਪ੍ਰਿੰਸੀਪਲ ਹਰਭਜਨ ਸਿੰਘ ਦਾ ਅੱਜ ਸ਼ਾਮ ਗਊ ਘਾਟ ਸ਼ਮਸ਼ਾਨ ਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ ਹੈ ਜੋ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਸਨ। 74 ਸਾਲਾ ਪ੍ਰਿੰਸੀਪਲ ਹਰਭਜਨ ਸਿੰਘ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਸਨ। ਉਨ੍ਹਾਂ ਨੂੰ ਅੱਜ ਸਵੇਰੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਅੰਤਿਮ ਸਾਹ ਲਿਆ। ਪ੍ਰਿੰਸੀਪਲ ਹਰਭਜਨ ਸਿੰਘ ਦੀ ਸਾਰੀ ਜ਼ਿੰਦਗੀ ਪੰਥ ਸੇਵਾ ਨੂੰ ਸਮਰਪਿਤ ਸੀ ਅਤੇ ਉਨ੍ਹਾਂ ਦੀ ਅਗਵਾਈ ਵਿਚ ਲੱਖਾਂ ਵਿਦਿਆਰਥੀ ਗੁਰਮਤਿ ਨਾਲ ਜੁੜੇ ਸਨ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਗੁਰਮਤਿ ਸਿਧਾਂਤਾਂ ਤੇ ਪੱਕਿਆਂ ਰੱਖਣ ਲਈ ਸਲੇਮ ਟਾਬਰੀ ਸਮੇਤ ਹੋਰ ਕਈ ਸਥਾਨਾਂ ਤੇ ਸਕੂਲਾਂ ਦੀ ਵੀ ਸਥਾਪਨਾ ਕੀਤੀ ਗਈ ਸੀ। ਸਹਿਜ ਪਾਠ ਸੇਵਾ (ਸਿੱਖਸ ਹੈਲਪਿੰਗ ਸਿੱਖਸ) ਦੇ ਆਗੂ ਸਤਨਾਮ ਸਿੰਘ, ਰਾਸ਼ਟਰੀ ਪੁਰਸਕਾਰ ਪ੍ਰਾਪਤ ਪ੍ਰਿੰਸੀਪਲ ਰਣਜੀਤ ਸਿੰਘ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਜਤਿੰਦਰਪਾਲ ਸਿੰਘ, ਵਾਈਸ ਚੇਅਰਮੈਨ ਬਲਜੀਤ ਸਿੰਘ ਅਤੇ ਸਕੱਤਰ ਜਨਰਲ ਪਿਰਥੀ ਸਿੰਘ ਨੇ ਦੁੱਖ ਪ੍ਰਗਟਾਇਆ।