ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਫਰਵਰੀ
ਲੋਕ ਸੰਗੀਤ ਗਾਇਕੀ ਅਤੇ ਗੀਤ ਸਿਰਜਣਾ ਦੇ ਖੇਤਰ ਵਿੱਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਪਾਲੀ ਦੇਤਵਾਲੀਆ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਵੱਲੋਂ ਸਾਲ 2019 ਲਈ ਸ਼੍ਰੋਮਣੀ ਪੰਜਾਬੀ ਗਾਇਕ ਪੁਰਸਕਾਰ ਦੇਣ ਸਬੰਧੀ ਪੱਤਰ ਮਿਲਿਆ ਹੈ।
ਇਸ ਪੁਰਸਕਾਰ ਵਿੱਚ ਪੰਜ ਲੱਖ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਤੇ ਦੋਸ਼ਾਲਾ ਭੇਟ ਕੀਤਾ ਜਾਵੇਗਾ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਨੇ ਦੱਸਿਆ ਕਿ 43 ਸਾਲ ਪਹਿਲਾਂ ਲੋਕ ਸੰਗੀਤ ਦੇ ਖੇਤਰ ਵਿੱਚ ਕਦਮ ਰੱਖਣ ਵਾਲੇ ਪਾਲੀ ਦੇਤਵਾਲੀਆ ਨੂੰ 1978 ਵਿਚ ਸੁਰਿੰਦਰ ਸ਼ਿੰਦਾ ਸੁਰਿੰਦਰ ਸੋਨੀਆ ਤੇ ਰਮੇਸ਼ ਰੰਗੀਲਾ ਸੁਦੇਸ਼ ਕਪੂਰ ਵਰਗੇ ਕਲਾਕਾਰਾਂ ਨੇ ਗੀਤ ਗਾ ਕੇ ਲੋਕ ਕਚਹਿਰੀ ਵਿੱਚ ਪੇਸ਼ ਕੀਤਾ।