ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਅਪਰੈਲ
ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਦੋ ਫੈਕਟਰੀਆਂ ਵਿੱਚ ਚੋਰੀਆਂ ਕਰਨ ਵਾਲੇ ਗਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਗੁਰੂ ਤੇਗ ਬਹਾਦਰ ਨਗਰ ਚੰਡੀਗੜ੍ਹ ਰੋਡ ਵਾਸੀ ਅਸ਼ਵਨੀ ਕੁਮਾਰ ਨੇ ਦੱਸਿਆ ਹੈ ਕਿ ਉਹ ਮੈਟਰੋ ਟਾਇਰ ਕੰਗਨਵਾਲ ਨੇੜੇ ਤਿਰੂਪਤੀ ਬਾਲਾ ਜੀ ਐਗਜ਼ਿਮ ਨਾਮ ਦੀ ਫੈਕਟਰੀ ਦਾ ਜਨਰਲ ਮੈਨੇਜਰ ਹੈ। ਉਸ ਨੇ ਦੱਸਿਆ ਹੈ ਕਿ ਫੈਕਟਰੀ ’ਚੋਂ ਕੁਝ ਸਾਮਾਨ ਚੋਰੀ ਹੋ ਗਿਆ। ਤਫਤੀਸ਼ ਦੌਰਾਨ ਪੁਲੀਸ ਵੱਲੋਂ ਬਲਵਿੰਦਰ ਸਿੰਘ ਵਾਸੀ ਗਿੱਲ ਚੌਕ ਅਤੇ ਰਾਜ ਕੁਮਾਰ ਵਾਸੀ ਮੁੰਡੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇਨ੍ਹਾਂ ਦੇ ਸਾਥੀਆਂ ਸਰਬਜੀਤ ਸਿੰਘ ਅਤੇ ਅਮਰਜੀਤ ਸਿੰਘ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਰੋਡ ਸਥਿਤ ਆਰਓ ਵਾਟਰ ਫਰੰਟ ਵਾਸੀ ਗੌਰਵ ਕੁਮਾਰ ਨੇ ਦੱਸਿਆ ਹੈ ਕਿ ਉਸ ਦੀ ਫੈਕਟਰੀ ’ਚੋਂ ਸਕਿਊਰਿਟੀ ਗਾਰਡ ਚੰਦਰ ਸ਼ੇਖਰ ਨੇ ਕੁਝ ਲੋਕਾਂ ਨਾਲ ਮਿਲੀਭੁਗਤ ਕਰ ਕੇ ਫੈਕਟਰੀ ਵਿੱਚੋਂ ਸਕਰੈਪ ਸਟੀਲ ਅਤੇ ਐਲੂਮੀਨੀਅਮ ਚੋਰੀ ਕਰ ਕੇ ਗੱਡੀ ਵਿੱਚ ਬਾਹਰ ਭੇਜ ਦਿੱਤਾ। ਪੁਲੀਸ ਨੂੰ ਸ਼ਿਕਾਇਤ ਕਰਨ ’ਤੇ ਚੰਦਰ ਸ਼ੇਖਰ, ਅਮਿਤ ਕੁਮਾਰ ਪਾਂਡੇ ਅਤੇ ਪਿੰਟੂ ਕੁਮਾਰ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਤਿੰਨਾਂ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰਕੇ ਚੋਰੀ ਦੇ ਸਾਮਾਨ ਬਰਾਮਦ ਕਰਨ ਲਈ ਕਾਰਵਾਈ ਕਰ ਰਹੀ ਹੈ।