ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜੁਲਾਈ
ਸ਼ਹਿਰ ਵਿੱਚ ਗੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਲੁਧਿਆਣਾ ਨਗਰ ਨਿਗਮ ਨੇ ਵੱਖ-ਵੱਖ ਇਲਾਕਿਆਂ ’ਚ 6 ਗੈਰ-ਕਾਨੂੰਨੀ ਦੁਕਾਨਾਂ ਤੇ ਇਮਾਰਤਾਂ ਨੂੰ ਸੀਲ ਕਰ ਦਿੱਤਾ ਹੈ। ਇਹ ਕਾਰਵਾਈ ਡਿਪਟੀ ਕਮਿਸ਼ਨਰ-ਕਮ-ਨਗਰ ਨਿਗਮ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਜ਼ੋਨ-ਡੀ ਦੀ ਬਿਲਡਿੰਗ ਬ੍ਰਾਂਚ ਦੀ ਟੀਮ ਨੇ ਸੁਨੇਤ ਇਲਾਕੇ ਵਿੱਚ ਤਿੰਨ ਨਾਜਾਇਜ਼ ਵਪਾਰਕ ਇਮਾਰਤਾਂ ਨੂੰ ਸੀਲ ਕੀਤਾ। ਇਸੇ ਤਰ੍ਹਾਂ ਜ਼ੋਨ- ਸੀ ਦੀ ਟੀਮ ਨੇ ਨਿਰਮਲ ਪੈਲੇਸ ਨੇੜੇ ਡਾਬਾ ਰੋਡ ’ਤੇ ਦੋ ਨਾਜਾਇਜ਼ ਦੁਕਾਨਾਂ ਨੂੰ ਸੀਲ ਕਰ ਦਿੱਤਾ। ਅਸਿਸਟੈਂਟ ਟਾਊਨ ਪਲਾਨਰ ਐੱਮ ਐੱਸ ਬੇਦੀ ਨੇ ਦੱਸਿਆ ਕਿ ਚੌੜਾ ਬਾਜ਼ਾਰ ਇਲਾਕੇ ਵਿੱਚ ਇੱਕ ਗੈਰ-ਕਾਨੂੰਨੀ ਦੁਕਾਨ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ, ਕਿਉਂਕਿ ਮਾਲਕ ਵੱਲੋਂ ਪਿਛਲੇ ਸਮੇਂ ਵਿੱਚ ਨੋਟਿਸ ਜਾਰੀ ਕਰਨ ਦੇ ਬਾਵਜੂਦ ਨਾਜਾਇਜ਼ ਉਸਾਰੀ ਜਾਰੀ ਰੱਖੀ ਗਈ ਸੀ। ਡੀਸੀ ਸਾਹਨੀ ਨੇ ਦੱਸਿਆ ਕਿ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੂੰ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।