ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜੁਲਾਈ
ਸਥਾਨਕ ਟਿੱਬਾ ਰੋਡ ਦੇ ਇਲਾਕੇ ਗੋਪਾਲ ਨਗਰ ਚੌਕ ਵਿੱਚ ਦੇਰ ਸ਼ਾਮ ਇਕ ਪੁਲੀਸ ਮੁਲਾਜ਼ਮ ਦੀ ਤੇਜ਼ ਰਫ਼ਤਾਰ ਗੱਡੀ ਨੇ ਛੇ ਸਾਲਾ ਬੱਚੀ ਨੂੰ ਟੱਕਰ ਮਾਰ ਦਿੱਤੀ, ਗੰਭੀਰ ਜ਼ਖ਼ਮੀ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਚਸ਼ਮਦੀਦ ਲੋਕਾਂ ਨੇ ਦੱਸਿਆ ਹੈ ਕਿ ਘਟਨਾ ਤੋਂ ਬਾਅਦ ਪੁਲੀਸ ਮੁਲਾਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਭੀੜ ਹੋਣ ਕਾਰਨ ਉਹ ਭੱਜ ਨਾ ਸਕਿਆ ਤੇ ਉਸ ਨੇ ਲਹੂ ਲੁਹਾਣ ਹੋਈ ਬੱਚੀ ਨੂੰ ਗੱਡੀ ਵਿੱਚ ਪਾ ਕੇ ਇਲਾਜ ਲਈ ਇੱਕ ਨਿੱਜੀ ਹਸਪਤਾਲ ਲੈ ਗਿਆ। ਬੱਚੀ ਦੀ ਪਛਾਣ ਗੋਪਾਲ ਨਗਰ ਵਾਸੀ ਦੇਵਿਕਾ (6 ਸਾਲਾ) ਵਜੋਂ ਹੋਈ ਹੈ। ਹਾਦਸੇ ਮਗਰੋਂ ਬੱਚੀ ਦੇ ਪਰਿਵਾਰਕ ਮੈਂਬਰ ਗੋਪਾਲ ਨਗਰ ਚੌਕ ਇਕੱਠੇ ਹੋਏ, ਜਿਨ੍ਹਾਂ ਨੇ ਚੌਕ ਵਿੱਚ ਦੋ ਘੰਟੇ ਧਰਨਾ ਦੇ ਕੇ ਪੁਲੀਸ ਮੁਲਾਜ਼ਮ ਖ਼ਿਲਾਫ਼ ਤੁਰੰਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਇਸ ਦੌਰਾਨ ਥਾਣਾ ਟਿੱਬਾ ਦੇ ਇੰਸਪੈਕਟਰ ਪ੍ਰਮੋਦ ਕੁਮਾਰ ਦੀ ਅਗਵਾਈ ਹੇਠਲੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਮੁੱਢਲੀ ਕਾਰਵਾਈ ਤੋਂ ਬਾਅਦ ਬੱਚੀ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਹੈ ਕਿ ਜਸਪਾਲ ਸਿੰਘ ਇਲਾਕੇ ਵਿੱਚ ਕਿਸੇ ਕੰਮ ਗਿਆ ਸੀ। ਜਦੋਂ ਉਹ ਆਪਣੀ ਕਾਰ ’ਤੇ ਥਾਣੇ ਵਾਪਸ ਆ ਰਿਹਾ ਸੀ ਤਾਂ ਗੋਪਾਲ ਨਗਰ ਚੌਕ ਕੋਲ ਇਕ ਔਰਤ ਅਚਾਨਕ ਗੱਡੀ ਅੱਗੇ ਆ ਗਈ, ਜਿਸ ਨੂੰ ਬਚਾਉਂਦਿਆਂ ਜਸਪਾਲ ਸਿੰਘ ਦੀ ਕਾਰ ਬੱਚੀ ਨਾਲ ਟਕਰਾ ਗਈ।