ਸਤਵਿੰਦਰ ਬਸਰਾ
ਲੁਧਿਆਣਾ, 20 ਜੂਨ
ਇਥੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਰਨਲ ਸਕੱਤਰ ਬਲਕਾਰ ਵਲਟੋਹਾ, ਸ੍ਰਪਰਸਤ ਚਰਨ ਸਿੰਘ ਸਰਾਭਾ,ਪ੍ਰਵੀਨ ਕੁਮਾਰ, ਟਹਿਲ ਸਿੰਘ ਸਰਾਭਾ ਨੇ ਕਿਹਾ ਕਿ ਜਥੇਬੰਦੀ ਪੰਜਾਬ ਸਰਕਾਰ ਦੇ ਕੱਚੇ ਅਧਿਆਪਕਾਂ ਪ੍ਰਤੀ ਅੜੀਅਲ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਉਨ੍ਹਾਂ ਵੱਲੋਂ ਸਿੱਖਿਆ ਪ੍ਰੋਵਾਈਡਰ ਅਤੇ ਵਾਲੰਟੀਅਰ ਅਧਿਆਪਕਾਂ ਨੂੰ ਪੱਕੇ ਨਾ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦੇ ਮੱਥੇ ਉੱਤੇ ਕਲੰਕ ਹੈ ਕਿ ਕੱਚੇ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਅੱਗੇ ਆਤਮ ਹੱਤਿਆ ਕਰਨ ਤੱਕ ਦੀ ਨੌਬਤ ਆ ਗਈ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਹ ਅਧਿਆਪਕ ਪਿਛਲੇ ਲਗਪੱਗ 15 ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਲਗਾਤਾਰ ਪੜ੍ਹਾ ਰਹੇ ਹਨ ਪਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਸਬੰਧੀ ਕੋਈ ਵੀ ਨੀਤੀ ਨਹੀਂ ਬਣਾਈ ਜਾ ਰਹੀ। ਸਰਕਾਰ ਇਨ੍ਹਾਂ ਅਧਿਆਪਕਾਂ ਨਾਲ ਮੀਟਿੰਗ ਵਿੱਚ ਮਸਲੇ ਹੱਲ ਕਰਨ ਦੀ ਬਜਾਏ ਲਗਾਤਾਰ ਪਾਸਾ ਵੱਟ ਰਹੀ ਹੈ। ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਪਰਮਿੰਦਰਪਾਲ ਸਿੰਘ ਰਾਮਗੜ੍ਹ, ਬਲਬੀਰ ਸਿੰਘ ਕੰਗ, ਜੋਰਾ ਸਿੰਘ ਬਸੀਆ,ਮਨੀਸ਼ ਸ਼ਰਮਾ, ਸਜੀਵ ਸ਼ਰਮਾ, ਨਰਿੰਦਰਪਾਲ ਸਿੰਘ ਬੁਰਜ ਲਿੱਟਾਂ, ਪਰਮਜੀਤ ਸਿੰਘ ਸਵੱਦੀ, ਗਿਆਨ ਸਿੰਘ ਦੋਰਾਹਾ,ਸਜੀਵ ਯਾਦਵ, ਭਜਨ ਸਿੰਘ, ਸਤਵਿੰਦਰਪਾਲ ਸਿੰਘ, ਦਰਸ਼ਨ ਸਿੰਘ ਮੋਹੀ ਆਦਿ ਹਾਜ਼ਰ ਸਨ।