ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 31 ਅਗਸਤ
ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ’ਤੇ ਕਿਸਾਨ ਮੋਰਚੇ ’ਚ ਅੱਜ ਵੱਡੀ ਗਿਣਤੀ ਕਿਸਾਨਾਂ ਨੇ ਹਾਜ਼ਰੀ ਭਰੀ। ਇਨ੍ਹਾਂ ਕਿਸਾਨਾਂ ਦੀ ਸੂਈ ਅੱਜ ਖੱਟਰ ਸਰਕਾਰ ਖ਼ਿਲਾਫ਼ ਟਿਕੀ ਰਹੀ ਅਤੇ ਬੁਲਾਰਿਆਂ ਨੇ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਰੱਜ ਕੇ ਭੰਡਿਆ। ਧਰਨਾਕਾਰੀਆਂ ਨੇ ਮੁੱਖ ਮੰਤਰੀ ਨੂੰ ਇਸ ਘਟਨਾਕ੍ਰਮ ਅਤੇ ਉਸ ਤੋਂ ਬਾਅਦ ਕੀਤੀ ਗਲਤ ਬਿਆਨੀ ਲਈ ਮੁਆਫ਼ੀ ਮੰਗਣ ਲਈ ਕਿਹਾ। ਇਸ ਤੋਂ ਇਲਾਵਾ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਅਤੇ ਸ਼ਹੀਦ ਕਿਸਾਨ ਦੇ ਪਰਿਵਾਰ ਲਈ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ। ਇਸ ਮੌਕੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ ਆਗੂ ਜਸਦੇਵ ਸਿੰਘ ਲਲਤੋਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਭਾਜਪਾ ਸਰਕਾਰ ਜਿੰਨਾ ਜਬਰ ਢਾਹ ਰਹੀ ਹੈ ਕਿਸਾਨਾਂ ਤੇ ਮਜ਼ਦੂਰਾਂ ਉਨਾ ਹੀ ਰੋਹ ਤੇ ਜੋਸ਼ ਪੈਦਾ ਹੋ ਰਿਹਾ ਹੈ। ਕਰਨਾਲ ਦੀ ਤਾਜ਼ਾ ਘਟਨਾ ਨੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ’ਚ ਨਵਾਂ ਜੋਸ਼ ਭਰਿਆ ਹੈ। ਧਰਨੇ ਨੂੰ ਮਾਸਟਰ ਆਤਮਾ ਸਿੰਘ ਬੋਪਾਰਾਏ, ਜਸਬੀਰ ਸਿੰਘ ਗੁੜੇ, ਮਾ. ਰਣਜੀਤ ਸਿੰਘ ਸਿੱਧਵਾਂ, ਸੂਬੇਦਾਰ ਦਵਿੰਦਰ ਸਿੰਘ ਸਵੱਦੀਨੇ ਸੰਬੋਧਨ ਕੀਤਾ। ਧਰਨੇ ’ਚ ਗੁਰਚਰਨ ਸਿੰਘ ਇਟਲੀ, ਰਣਜੋਧ ਸਿੰਘ ਜੱਗਾ, ਕਰਮ ਸਿੰਘ ਪੱਪੂ ਮਾਨ, ਹਰੀ ਸਿੰਘ ਚਚਰਾੜੀ, ਸੁਖਵਿੰਦਰ ਸਿੰਘ ਸਵੱਦੀ, ਹਾਜ਼ਰ ਸਨ।
ਦੋਸ਼ੀ ਮੁਲਜ਼ਮਾਂ ’ਤੇ ਕਤਲ ਕੇਸ ਦਰਜ ਕਰਨ ਦੀ ਮੰਗ
ਖੰਨਾ (ਜੋਗਿੰਦਰ ਸਿੰਘ ਓਬਰਾਏ): ਇਥੋਂ ਦੇ ਰੇਲਵੇ ਸਟੇਸ਼ਨ ’ਤੇ ਪਿਛਲੇ ਲੰਬੇ ਸਮੇਂ ਤੋਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਾਂਤਮਈ ਸੰਘਰਸ਼ ਕੀਤਾ ਜਾ ਰਿਹਾ ਹੈ। ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਸਵੈਚ ਅਤੇ ਹਰਮਿੰਦਰ ਸਿੰਘ ਨੇ ਭਾਜਪਾ ਹਕੂਮਤ ਵੱਲੋਂ ਕਾਰਪੋਰੇਟ ਘਰਾਣਿਆਂ ਨਾਲ ਵਫਾਦਾਰੀ ਪਾਲਦੇ ਹੋਏ ਕਿਸਾਨਾਂ ਦੇ ਰੁਜ਼ਗਾਰ ਨੂੰ ਤਬਾਹ ਕਰਨ ਲਈ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਕਿਸਾਨਾਂ ਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦੀ ਪੁਰਜ਼ੋਰ ਨਿਖੇਧੀ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਤੇ ਲਾਠੀਚਾਰਜ ਕਰਨ ਦੇ ਹੁਕਮ ਦੇਣ ਵਾਲੇ ਪ੍ਰਸ਼ਾਸਨ ਅਧਿਕਾਰੀ ਤੇ ਕਰਮਚਾਰੀਆਂ ਖਿਲਾਫ਼ ਕਤਲ ਕੇਸ ਦਰਜ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤ। ਕਿਸਾਨਾਂ ਨੇ ਖੱਟਰ ਸਰਕਾਰ ਨੂੰ ਇਸ ਜ਼ਬਰ ਦਾ ਸਬਰ ਨਾਲ ਮੁਕਾਬਲਾ ਕਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਕਸ਼ਮੀਰਾ ਸਿੰਘ, ਹਵਾ ਸਿੰਘ, ਗੁਰਮੇਲ ਸਿੰਘ, ਗੁਰਦਿਆਲ ਸਿੰਘ, ਅਵਤਾਰ ਸਿੰਘ, ਜਗਜੀਤ ਸਿੰਘ, ਦਵਿੰਦਰ ਸਿੰਘ ਹਾਜ਼ਰ ਸਨ।