ਰਾਏਕੋਟ (ਪੱਤਰ ਪ੍ਰੇਰਕ): ਇੱਥੇ ਅੱਜ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਪਿੰਡਾਂ ’ਚ ਰੈਲੀਆਂ ਅਤੇ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ, ਸੁਖਜੀਤ ਸਿੰਘ, ਕੁਰਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਹੈਪੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੌਰਚੇ ਦੇ ਸੱਦੇ ’ਤੇ 27 ਸਤੰਬਰ ਨੂੰ ਸਥਾਨਕ ਹਰੀ ਸਿੰਘ ਨਲੂਆ ਚੌਕ ’ਚ ਜਾਮ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਝੋਰੜਾਂ, ਅੱਚਰਵਾਲ, ਨੱਥੋਵਾਲ, ਕਾਲਸਾਂ, ਜਲਾਲਦੀਵਾਲ, ਫੇਰੂਰਾਈ, ਬੋਪਾਰਾਏ, ਸਿਵੀਆਂ ਆਦਿ ਪਿੰਡਾਂ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਬੰਦ ਨੂੰ ਸਫ਼ਲ ਬਣਾਉਣ ਲਈ ਅਤੇ ਹਰੀ ਸਿੰਘ ਨਲੂਆ ਚੌਕ ਵਿਖੇ ਚੱਕਾ ਜਾਮ ’ਚ ਸ਼ਾਮਲ ਹੋਣ ਦਾ ਭਰਵਾਂ ਹੁੰਗਾਰਾ ਦਿੱਤਾ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਦਾ ਘੇਰਾ ਦਿਨੋਂ-ਦਿਨ ਹੋਰ ਵਿਸ਼ਾਲ ਹੁੰਦਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਵੋਟਾਂ ਮੰਗਣ ਆਉਣ ਵਾਲੇ ਸਿਆਸੀ ਆਗੂਆਂ ਤੋਂ ਸੁਆਲ-ਜੁਆਬ ਕੀਤੇ ਜਾਣਗੇ। ਰੈਲੀਆਂ, ਮੀਟਿੰਗਾਂ ਵਿੱਚ ਸੁਖਵਿੰਦਰ ਸਿੰਘ, ਤੇਜਿੰਦਰ ਸਿੰਘ, ਕੇਵਲ ਸਿੰਘ, ਨਿਰਮਲ ਸਿੰਘ ਫੇਰੂਰਾਈ, ਦਰਸ਼ਨ ਸਿੰਘ, ਕਰਨਜੀਤ ਸਿੰਘ, ਰਾਮ ਸਿੰਘ ਤੋਂ ਇਲਾਵਾ ਕਿਸਾਨ ਤੇ ਮਜ਼ਦੂਰ ਹਾਜਰ ਸਨ।