ਗੁਰਿੰਦਰ ਸਿੰਘ
ਲੁਧਿਆਣਾ, 1 ਅਕਤੂਬਰ
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਹੱਕਾਂ ਮੰਗਾਂ ਦੀ ਪ੍ਰਾਪਤੀ ਲਈ ਕਿਰਤ ਕਮਿਸ਼ਨਰ ਲੁਧਿਆਣਾ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਤੋਂ ਪਹਿਲਾਂ ਇਕੱਠੇ ਹੋਏ ਕਿਰਤੀਆਂ ਨੇ ਸੂਬਾ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜ਼ੀ ਵੀ ਕੀਤੀ। ਇੱਥੇ ਗੁਰਦੀਪ ਸਿੰਘ ਮਿੱਠੇਵਾਲ, ਮਲਕੀਤ ਸਿੰਘ ਭੈਣੀ ਅਤੇ ਸੂਰਜ ਸਿੰਘ ਕਾਲਸਾ ਦੀ ਅਗਵਾਈ ਹੇਠ ਵਫ਼ਦ ਨੇ ਸਹਾਇਕ ਕਿਰਤ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਪੰਜਾਬ ਨਿਰਮਾਣ ਯੂਨੀਅਨ ਦੇ ਸੂਬਾ ਜੁਆਇੰਟ ਸਕੱਤਰ ਗੁਰਦੀਪ ਸਿੰਘ ਕਲਸੀ ਅਤੇ ਸੀਟੀਯੂ ਪੰਜਾਬ ਦੇ ਜ਼ਿਲ੍ਹਾ ਸਕੱਤਰ ਜਗਦੀਸ਼ ਚੰਦ ਨੇ ਕਿਹਾ ਕਿ ਨਿਰਮਾਣ ਕਾਮਿਆਂ ਨੂੰ ਨਿੱਤ ਦਿਨ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਜਿੱਥੇ ਆਪਣੇ ਕੰਮ ਦੀ ਚਿੰਤਾ ਹੈ, ਉੱਥੇ ਆਪਣੀ ਰਜਿਸਟਰੇਸ਼ਨ ਕਰਵਾਉਣ ਵਿੱਚ ਵੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕਿਰਤੀਆਂ ਨੂੰ ਬਣਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ।
ਮੰਗ ਪੱਤਰ ਵਿੱਚ ਪੰਜਾਬ ਸਰਕਾਰ ਤੋਂ ਕਿਰਤੀਆਂ ਲਈ ਲਈ ਪੈਨਸ਼ਨ, ਬੱਚਿਆਂ ਲਈ ਵਜ਼ੀਫ਼ੇ, ਮੁਫ਼ਤ ਇਲਾਜ, ਬਿਨਾਂ ਵਿਆਜ ਕਰਜ਼ਾ, ਦੁਰਘਟਨਾ ਦਾ ਬੀਮਾ ਆਦਿ ਮੰਗਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਗੁਰਮੇਲ ਸਿੰਘ ਕਾਲਸਾਂ, ਕਰਮਜੀਤ ਸਿੰਘ ਤਾਜਪੁਰ, ਜੀਤ ਸਿੰਘ ਤਾਜਪੁਰ, ਜੁਗਰਾਜ ਸਿੰਘ ਬ੍ਰਹਮਪੁਰ, ਗੁਰਸੇਵਕ ਸਿੰਘ ਬ੍ਰਹਮਪੁਰ, ਹਰਬੰਸ ਸਿੰਘ ਕਲਸੀਆਂ, ਹਰਜਿੰਦਰ ਸਿੰਘ ਕਲਸੀਆਂ, ਜਸਵੀਰ ਸਿੰਘ ਪ੍ਰਧਾਨ ਬੜੂੰਦੀ, ਜੋਗਿੰਦਰ ਸਿੰਘ ਤੁਗਲ, ਅਮਰਜੀਤ ਸਿੰਘ ਢੋਲਣ, ਅਵਤਾਰ ਸਿੰਘ ਗੁੜੇ ਅਤੇ ਹਾਕਮ ਸਿੰਘ ਵੀ ਹਾਜ਼ਰ ਸਨ।