ਜੋਗਿੰਦਰ ਸਿੰਘ ਓਬਰਾਏ
ਖੰਨਾ, 1 ਅਕਤੂਬਰ
ਇੱਥੋਂ ਦੇ ਲਲਹੇੜੀ ਰੋਡ ਸਥਿਤ ਵਾਰਡ ਨੰਬਰ 7 ਦੇ ਲਾਈਨੋਂ ਪਾਰ ਇਲਾਕੇ ਵਿੱਚ ਗਲੀਆਂ ’ਚ ਸਫ਼ਾਈ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੇ ਕੌਂਸਲਰ ਖਿਲਾਫ਼ ਮੁਜ਼ਾਹਰਾ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਮੰਗਾ, ਕਰਮ ਚੰਦ, ਬਲੇਸਰ ਕੁਮਾਰ, ਰਿੱਕੀ ਕੁਮਾਰ, ਬਾਬਾ ਮੁੰਨਾ, ਅਜਮੇਰ ਸਿੰਘ ਅਤੇ ਧਰਮਪਾਲ ਨੇ ਦੱਸਿਆ ਕਿ ਸਫ਼ਾਈ ਦੀ ਘਾਟ ਤੇ ਗੰਦੇ ਪਾਣੀ ਕਾਰਨ ਡੇਂਗੂ ਫੈਲਣ ਦਾ ਡਰ ਹੈ। ਇਸ ਸਬੰਧੀ ਕਈ ਵਾਰ ਕੌਂਸਲਰ ਨੀਰੂ ਰਾਣੀ ਨੂੰ ਜਾਣੂ ਕਰਵਾ ਕੇ ਮੰਗ ਕੀਤੀ ਗਈ ਕਿ ਵਾਰਡ ਦੀ ਸਫ਼ਾਈ ਪਹਿਲ ਦੇ ਆਧਾਰ ’ਤੇ ਕਰਵਾਈ ਜਾਵੇ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਗੁਰਮੁੱਖ ਸਿੰਘ, ਓਮ ਪ੍ਰਕਾਸ਼, ਵਿਨੋਦ ਕੁਮਾਰ, ਕਮਲ ਰਾਣੀ, ਬਲਜਿੰਦਰ ਕੌਰ, ਕੁੰਤੀ ਸਰਾਣੀ, ਆਸ਼ਾ ਰਾਮ, ਸ਼ਾਂਤੀ ਦੇਵੀ, ਗੁਰਮੇਲ ਕੌਰ, ਕਮਲਜੀਤ ਕੌਰ ਨੇ ਨਗਰ ਕੌਂਸਲ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਵਾਰਡ ਵਿੱਚ ਸਫ਼ਾਈ ਤੋਂ ਇਲਾਵਾ ਰਹਿੰਦੇ ਅਧੂਰੇ ਵਿਕਾਸ ਕਾਰਜ ਪੂਰੇ ਕੀਤੇ ਜਾਣ।
ਗਲੀਆਂ ਦੇ ਟੈਂਡਰ ਜਲਦ ਹੀ ਲੱਗ ਰਹੇ ਨੇ: ਕੌਂਸਲਰ
ਕੌਂਸਲਰ ਨੀਰੂ ਰਾਣੀ ਨੇ ਕਿਹਾ ਕਿ ਇਨ੍ਹਾਂ ਗਲੀਆਂ ਦੇ ਟੈਂਡਰ ਜਲਦੀ ਹੀ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲ ਦੇ ਆਧਾਰ ’ਤੇ ਕੰਮ ਕਰਵਾਇਆ ਜਾਵੇਗਾ।