ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਅਕਤੂਬਰ
ਸਨਅਤੀ ਸ਼ਹਿਰ ਦੇ ਲੋਕਾਂ ਵੱਲੋਂ ਦੀਵਾਲੀ ’ਤੇ ਪਟਾਕੇ ਚਲਾਉਣ ਤੋਂ ਬਾਅਦ ਬੁੱਧਵਾਰ ਨੂੰ ਲੁਧਿਆਣਾ ਵਿੱਚ ਇੱਕ ਵੱਖਰਾ ਮੌਸਮ ਵਿਖਿਆ। ਸ਼ਹਿਰ ਦੇ ਹਰ ਪਾਸੇ ਬੁੱਧਵਾਰ ਨੂੰ ਧੂੰਏਂ ਦੀ ਚਾਦਰ ਰਹੀ। ਸ਼ਹਿਰ ਦੇ ਕਈ ਖੇਤਰਾਂ ’ਚ ਅਜਿਹਾ ਦੇਖਣ ਨੂੰ ਮਿਲਿਆ ਤੇ ਕਈ ਪਾਸੇ ਇਸ ਦਾ ਅਸਰ ਵੀ ਸੀ। ਧੂੰਆਂ ਅੱਖਾਂ ’ਚ ਲੜ ਰਿਹਾ ਸੀ। ਦੀਵਾਲੀ ਦੇ 2 ਦਿਨ ਬਾਅਦ ਜਿਵੇਂ ਅਨੁਮਾਨ ਸੀ, ਉਵੇਂ ਦਾ ਹੀ ਅਸਰ ਦਿਖਾਈ ਦਿੱਤਾ। ਰਾਹਗੀਰਾਂ ਨੂੰ ਹੁਣ ਤੱਕ ਘੁਟਣ ਮਹਿਸੂਸ ਹੋ ਰਹੀ ਹੈ। ਉਨ੍ਹਾਂ ਲੋਕਾਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੂੰ ਦਮੇ ਦੀ ਬੀਮਾਰੀ ਹੈ ਜਾਂ ਫਿਰ ਐਲਰਜ਼ੀ ਦੀ ਸਮੱਸਿਆ ਹੈ। ਲੋਕ ਗਲੇ ’ਚ ਇਰੀਟੇਸ਼ਨ, ਨੱਕ ਵਹਿਣਾ, ਵਾਰ ਵਾਰ ਛਿੱਕ ਆਉਣਾ ਅਤੇ ਅੱਖਾਂ ’ਚ ਜਲਣ ਮਹਿਸੂਸ ਕਰ ਰਹੇ ਹਨ। ਸਵੇਰ ਤੋਂ ਹਵਾ ਦੀ ਗੁਣਵਤਾ ਵੀ ਬੇਹੱਦ ਖਰਾਬ ਚੱਲ ਰਹੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਹਵਾ ਦੀ ਗੁਣਵਤਾ ਪਤਾ ਕਰਨ ਲਈ ਲਾਏ ਗਏ ਸਿਸਟਮ ਅਨੁਸਾਰ ਸਵੇਰੇ 9 ਵਜੇ ਏਅਰ ਕੁਆਲਿਟੀ ਇੰਡੈਕਸ 298 ਦਰਜ ਕੀਤੀ ਗਈ, ਜਦੋਂ ਕਿ ਦੁਪਹਿਰ 12 ਵਜੇ ਉਹ 288 ਦੇ ਪੱਧਰ ’ਤੇ ਚੱਲ ਰਹੀ ਸੀ, ਜੋ ਕਿ ਬਹੁਤ ਖਰਾਬ ਮੰਨੀ ਜਾਂਦੀ ਹੈ।
ਮਾਹਿਰਾਂ ਅਨੁਸਾਰ 0 ਤੋਂ 50 ਵਿੱਚ ਐਕਯੂਆਈ ਨੂੰ ਚੰਗਾ ਸਮਝਿਆ ਜਾਂਦਾ ਹੈ, ਜਦੋਂ ਕਿ 51 ਤੋਂ 100 ਵਿੱਚ ਸੰਤੁਸ਼ਟੀਜਨਕ ਮੰਨਿਆ ਜਾਂਦਾ ਹੈ। 201 ਤੋਂ 300 ਦੇ ਵਿੱਚ ਖਰਾਬ ਸਥਿਤੀ, ਜਦੋਂ ਕਿ 301 ਤੋਂ 400 ਵਿੱਚ ਬਹੁਤ ਖਰਾਬ ਅਤੇ 401 ਤੋਂ 500 ਤੱਕ ਗੰਭੀਰ ਸ਼੍ਰੇਣੀ ’ਚ ਮੰਨਿਆ ਜਾਂਦਾ ਹੈ। ਪੀਪੀਸੀਬੀ ਅਨੁਸਾਰ ਏਅਰ ਕੁਆਲਿਟੀ ਇੰਡੈਕਸ ਦੇ 100 ਤੋਂ ਉਪਰ ਹੋਣ ’ਤੇ ਫੇਫੜਿਆਂ ਦੀ ਬੀਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਸਾਹ ਲੈਣ ਦੀ ਦਿੱਕਤ ਆਉਂਦੀ ਹੈ, ਜਦੋਂ ਕਿ 200 ਤੋਂ ਉਪਰ ਹੋਣ ’ਤੇ ਸਿਹਤਮੰਦ ਲੋਕਾਂ ਨੂੰ ਵੀ ਪ੍ਰੇਸ਼ਾਨੀ ਮਹਿਸੂਸ ਹੋਣ ਲੱਗਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੱਕ ਖਰਾਬ ਹਵਾ ਦੇ ਸੰਪਰਕ ’ਚ ਰਹਿਣਾ ਸਿਹਤ ਲਈ ਠੀਕ ਨਹੀਂ ਹੈ। ਮੌਸਮ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਅਨੁਸਾਰ ਦੀਵਾਲੀ ਤੋਂ ਬਾਅਦ ਵਾਤਾਵਰਨ ’ਚ ਪਟਾਕਿਆਂ ’ਚੋਂ ਨਿਕਲੇ ਕੈਮੀਕਲ ਤੇ ਧੂੜ ਮਿੱਟੀ ਦੇ ਕਣ ਹਵਾ ’ਚ ਰਹਿੰਦੇ ਹਨ।
ਤਾਪਮਾਨ ਵੀ ਘੱਟ ਹੋ ਰਿਹਾ ਹੈ, ਜਦੋਂਕਿ ਹਮਿਊਨਿਟੀ ਵਧ ਗਈ ਹੈ। ਹਮਿਊਨਿਟੀ ਤੇ ਧੂੜ ਮਿਲ ਕੇ ਧੂੰਆਂ ਬਣਾਉਂਦੇ ਹਨ। ਕੁਝ ਸ਼ਹਿਰਾਂ ’ਚ ਧੂੰਆਂ ਹੋਣ ਦੀ ਜਾਣਕਾਰੀ ਮਿਲੀ ਹੈ। ਮੀਂਹ ਪੈਣ ਤੋਂ ਬਾਅਦ ਹੀ ਹਵਾ ’ਚ ਤੈਰ ਰਹੇ ਧੂੜ ਦੇ ਕਣ ਜ਼ਮੀਨ ’ਤੇ ਆਉਣਗੇ। ਉਦੋਂ ਤੱਕ ਇਸ ਤਰ੍ਹਾਂ ਦੇ ਮੌਸਮ ’ਚ ਸਾਹ ਲੈਣ ਵਾਲੇ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਖਾਸ ਧਿਆਨ ਰੱਖਣਾ ਪਵੇਗਾ, ਕਿਉਂਕਿ ਹਾਲੇ ਮੀਂਹ ਦੇ ਆਸਾਰ ਨਹੀਂ ਹਨ।